“ਚੋਣ ਪਾਠਸ਼ਾਲਾ” ਰਾਹੀਂ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਕੀਤਾ ਜਾਵੇਗਾ ਜਾਗਰੂਕ
- ਯੁਵਕ ਸੇਵਾਵਾਂ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਇਲੈਕਟੋਰਲ ਸਕੂਲ ਦਾ ਕੀਤਾ ਗਿਆ ਆਯੋਜਨ।
- ਨੌਜਵਾਨਾਂ ਦੀ ਸ਼ਮੂਲੀਅਤ ਨਾਲ ਵਧਾਇਆ ਜਾ ਸਕਦਾ ਹੈ ਵੋਟ ਪ੍ਰਤੀਸ਼ਤ : ਪ੍ਰੀਤ ਕੋਹਲੀ
ਹੁਸ਼ਿਆਰਪੁਰ, 21 ਜਨਵਰੀ 2022 - ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਅਤੇ ਵਿਧਾਨ ਸਭਾ ਹਲਕਾ ਉੜਮੁੜ ਦੇ ਰਿਟਰਨਿੰਗ ਅਫ਼ਸਰ ਦਰਬਾਰਾ ਸਿੰਘ ਰੰਧਾਵਾ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਵਿਭਾਗ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਆਨ ਲਾਈਨ “ਚੋਣ ਪਾਠਸ਼ਾਲਾ” ਸਮਾਗਮ ਕਰਵਾਇਆ ਗਿਆ|ਇਸ ਸਮਾਗਮ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਸਵੀਪ ਗਤੀਵਿਧੀ ਰਾਹੀਂ ਜਾਗਰੂਕਤਾ ਫੈਲਾਉਣ ਵਿੱਚ ਸਫਲ ਹੋ ਰਹੇ ਹਾਂ ਉੱਥੇ ਹੀ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੋਟ ਪ੍ਰਤੀਸ਼ਤਤਾ ਵਿੱਚ ਵੀ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦੀ ਨੀਂਹ ਹਨ ਅਤੇ ਨੌਜਵਾਨਾਂ ਦੀ ਮਿਹਨਤ ਸਦਕਾ ਇਹ ਨੀਂਹ ਹੋਰ ਮਜ਼ਬੂਤ ਹੋਵੇਗੀ ।
ਚੋਣ ਪਾਠਸ਼ਾਲਾ ਵਿੱਚ ਡਾ: ਕੁਲਦੀਪ ਸਿੰਘ ਮਿਨਹਾਸ ਸਹਾਇਕ ਨੋਡਲ ਅਫਸਰ ਸਵੀਪ (ਉੜਮੁੜ) ਨੇ ਸੰਚਾਲਕ ਵਜੋ ਭੂਮਿਕਾ ਨਿਭਾਈ । ਇਸ ਚੋਣ ਪਾਠਸ਼ਾਲਾ ਵਿੱਚ ਬੁਲਾਰਿਆਂ ਵੱਲੋਂ ਜਿੱਥੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਦਿਆਰਥੀਆਂ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਗਈ, ਉੱਥੇ ਹੀ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਸਵੀਪ ਨੋਡਲ ਅਫ਼ਸਰ ਉੜਮੁਰਤ ਸ੍ਰੀ ਦਕਸ਼ ਸੋਹਲ ਵੀ ਹਾਜ਼ਰ ਸਨ।