ਰੇਲ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਵਿਰੋਧ ’ਚ ਰਾਮਬਾਗ ਕਮੇਟੀ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ
ਦੀਪਕ ਗਰਗ
ਕੋਟਕਪੂਰਾ, 21 ਜਨਵਰੀ 2022 :- ਸਮਾਜਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਸਥਾਨਕ ਰਾਮਬਾਗ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਰੇਲਵੇ ਅਧਿਕਾਰੀਆਂ ਦੇ ਰਵੱਈਏ ਤੋਂ ਦੁਖੀ ਹੀ ਨਹੀਂ ਬਲਕਿ ਬਹੁਤ ਪ੍ਰੇਸ਼ਾਨ ਹਨ। ਅੱਜ ਟੀਵੀ ਚੈਨਲਾਂ ਦੇ ਪੱਤਰਕਾਰਾਂ ਸਾਹਮਣੇ ਰੇਲਵੇ ਅਧਿਕਾਰੀਆਂ ਵੱਲੋਂ ਪੈਦਾ ਕੀਤੀ ਜਾ ਰਹੀ ਪੇ੍ਰਸ਼ਾਨੀ ਬਾਰੇ ਗੱਲਬਾਤ ਕਰਦਿਆਂ ਕਮੇਟੀ ਦੇ ਆਗੂਆਂ ਸੁਭਾਸ਼ ਕਟਾਰੀਆ, ਪੱਪੂ ਲਹੌਰੀਆ, ਟੇਕ ਸਿੰਘ ਸਰਾਵਾਂ ਅਤੇ ਅੰਮਿ੍ਰਤ ਲਾਲ ਧੀਂਗੜਾ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਨਾਂ ਰੇਲਵੇ ਵਿਭਾਗ ਨੂੰ ਸ਼ਿਕਾਇਤ ਕੀਤੀ ਕਿ ਰਾਮਬਾਗ ਦੇ ਨਾਲ ਲੱਗਦੀ ਜਗਾ ਵਿੱਚ ਬਹੁਤ ਕੂੜਾ ਸੁੱਟਿਆ ਜਾ ਰਿਹਾ ਹੈ।
ਥੋੜੇ ਥੋੜੇ ਸਮੇਂ ਦੇ ਫਰਕ ਨਾਲ ਤਿੰਨ ਨਸ਼ੇੜੀ ਨੌਜਵਾਨਾ ਦੀਆਂ ਇੱਥੋਂ ਲਾਸ਼ਾਂ ਮਿਲ ਚੁੱਕੀਆਂ ਹਨ। ਰੇਲਵੇ ਅਧਿਕਾਰੀਆਂ ਦੀ ਸਹਿਮਤੀ ਨਾਲ ਉਨਾਂ ਕੂੜੇ ਵਾਲੀ ਜਗਾ ਸਾਫ ਕਰਵਾਈ ਤਾਂ ਸਥਾਨਕ ਰੇਲਵੇ ਪ੍ਰਸ਼ਾਸ਼ਨ ਨੇ ਸ਼੍ਰੀ ਰਾਮਬਾਗ ਕਮੇਟੀ ਦਾ ਬਕਾਇਦਾ ਧੰਨਵਾਦ ਵੀ ਕੀਤਾ। ਉਨਾ ਦੱਸਿਆ ਕਿ ਅੱਜ ਅਚਾਨਕ ਕਿਸੇ ਰੇਲਵੇ ਅਧਿਕਾਰੀ ਦੀ ਹਦਾਇਤ ’ਤੇ ਸਥਾਨਕ ਕਰਮਚਾਰੀਆਂ ਨੇ ਧੱਕੇਸ਼ਾਹੀ ਕਰਦਿਆਂ ਜਿੱਥੇ ਰਾਮਬਾਗ ਦੀ ਜਾਇਦਾਦ ਦਾ ਨੁਕਸਾਨ ਕੀਤਾ, ਉੱਥੇ ਕਰੀਬ 40 ਸਾਲ ਪਹਿਲਾਂ ਉਸਾਰੀ ਗਈ ਉਸ ਇਮਾਰਤ ਦੇ ਬਨੇਰੇ ਵੀ ਢਾਹ ਦਿੱਤੇ, ਜਿਸ ਦਾ ਰੇਲਵੇ ਦੀ ਜਗਾ ਨਾਲ ਕੋਈ ਸਰੋਕਾਰ ਨਹੀਂ ਤੇ ਰਾਮਬਾਗ ਦੀ ਹਦੂਦ ਅੰਦਰ ਹੀ ਬਣੀ ਹੋਈ ਹੈ।
ਇਸ ਸਬੰਧੀ ਭਾਵੇਂ ਕੋਈ ਜਿੰਮੇਵਾਰ ਰੇਲਵੇ ਅਧਿਕਾਰੀ ਤਾਂ ਕੋਈ ਪ੍ਰਤੀਕਰਮ ਦੇਣ ਲਈ ਤਿਆਰ ਨਹੀਂ ਪਰ ਉਕਤ ਸਮਾਜਸੇਵੀਆਂ ਨੇ ਆਖਿਆ ਕਿ ਉਹ ਇਸ ਧੱਕੇ ਦੇ ਵਿਰੋਧ ’ਚ ਅਦਾਲਤ ਦਾ ਦਰਵਾਜਾ ਖੜਕਾਉਣਗੇ ਅਤੇ ਇਨਸਾਫ ਦੀ ਮੰਗ ਕਰਨਗੇ। ਉਨਾਂ ਪੱਤਰਕਾਰਾਂ ਸਾਹਮਣੇ ਰੇਲਵੇ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਨੁਕਸਾਨ ਦਾ ਅੰਕੜਿਆਂ ਸਹਿਤ ਵਰਣਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਮਨ ਕੁਮਾਰ, ਦੀਪਕ ਕੁਮਾਰ, ਮਹਿੰਦਰ ਕੁਮਾਰ, ਧੀਰਜ ਕੁਮਾਰ ਅਤੇ ਪ੍ਰਭੂ ਪੇ੍ਰਮੀ ਆਦਿ ਵੀ ਹਾਜਰ ਸਨ।