ਨਜਾਇਜ਼ ਮਾਈਨਿੰਗ ਨਾਲ ਕਾਂਗਰਸ ਦੇ ਸਬੰਧ ਜੱਗ ਜਾਹਰ ਹੋਏ : ਪ੍ਰੋ. ਚੰਦੂਮਾਜਰਾ
- ‘ਦਿੱਲੀ ਬੈਠ ਕੇ ਰਿਮੋਰਟ ਰਾਹੀਂ ਪੰਜਾਬ ਚਲਾਉਣ ਦੇ ਭੁਲੇਖੇ ਨਾ ਪਾਲ਼ੇ ਕੇਜਰੀਵਾਲ’
ਜੀ ਐਸ ਪੰਨੂ
ਰਾਜਪੁਰਾ, 21 ਜਨਵਰੀ, 2022: ਕਾਂਗਰਸ ਪਾਰਟੀ ਦੇ ਉਪਰੋਂ ਹੇਠਾਂ ਤੱਕ ਨਜਾਇਜ਼ ਮਾਈਨਿੰਗ ਨਾਲ ਜਗ ਜਾਹਰ ਹੋਏ ਸਬੰਧਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ‘ਜਿਹੋ ਜਿਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ’। ਕਾਂਗਰਸ ਪਾਰਟੀ ਨੇ ਪੰਜ ਸਾਲ ਦੋਵੇਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ ਅਤੇ ਹੁਣ ਆਖਰੀ ਤਿੰਨ ਮਹੀਨੇ ਮੁੱਖ ਮੰਤਰੀ ਬਦਲ ਕੇ ਲੋਕਾਂ ਦੀਆਂ ਅੱਖਾਂ ’ਚ ਧੂੜ ਪਾਉਣ ਦੀ ਨਾਕਾਮ ਕੋਸ਼ਿਸ ਕੀਤੀ ਗਈ, ਜਿਸਨੂੰ ਲੋਕ ਜਾਣ ਚੁੱਕੇ ਹਨ।
ਮੁੱਖ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਤੋਂ ਜੇਕਰ ਇਕੋ ਥਾਂ ਤੋਂ 12 ਕਰੋੜ ਰੁਪਏ ਨੂੰ ਲੱਭਿਆ ਜਾ ਸਕਦਾ ਹੈ ਤਾਂ ਮੁੱਖ ਮੰਤਰੀ ਨਾਲ ਚਿੰਬੜੇ ਜਲਾਦਾਂ ਕੋਲੋਂ ਕਿੰਨਾ ਕੁਝ ਨਿਕਲ ਸਕਦਾ ਹੈ, ਇਹ ਸੋਚਣ ਦਾ ਵਿਸ਼ਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਪਿੰਡਾਂ ਮੰਡਵਾਲ, ਅਲੀਪੁਰ, ਜੈ ਨਗਰ, ਗੰਡਾਖੇੜੀ, ਸੇਹਰਾ, ਟਹਿਲਪੁਰਾ, ਆਕੜੀ, ਰਾਮਨਗਰ ਸੈਣੀਅ ਸਣੇ ਦਰਜਨ ਦੇ ਕਰੀਬ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਜ਼ਾਦੀ ਤੋਂ ਹੁਣ ਤੱਕ ਪੰਜਾਬ ਦੀ ਸਤਾ ’ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਪਿਛਲੇ ਪੰਜ ਸਾਲਾਂ ’ਚ ਇਕ ਦਿਨ ਵੀ ਅਜਿਹਾ ਨਹੀਂ ਹੋਣਾ ਜਿਸ ਦਿਨ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਨਾ ਉਤਰੇ ਹੋਣ। ਝੂਠੇ ਵਾਅਦੇ ਕਰਕੇ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਨੇ ਪੰਜ ਸਾਲ ਪੰਜਾਬ ਦੀ ਜਨਤਾ ਦਾ ਸ਼ੋਸ਼ਣ ਕਰਕੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਨੈਤਿਕ ਹੱਕ ਗਵਾ ਲਿਆ ਹੈ।
ਆਪ ’ਤੇ ਨਿਸ਼ਾਨਾ ਲਗਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਿਹੜੀ ਪਾਰਟੀ ਦਿੱਲੀ ਤੋਂ ਲਿਆ ਕੇ ਪੰਜਾਬੀਆਂ ਸਿਰ ਕੁਆਰਡੀਨੇਟਰ ਮੜ੍ਹਦੀ ਹੋਵੇ, ਉਸਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ’ਤੇ ਇਹ ਪਾਰਟੀ ਵਿਸ਼ਵਾਸ਼ ਕਰਨ ਵਾਲੀ ਨਹੀਂ ਅਤੇ ਇਨ੍ਹਾਂ ਦਾ ਅਸਲ ਮਕਸਦ ਪੰਜਾਬ ਦੀ ਸਤਾ ਹਾਸਲ ਕਰਕੇ ਦਿੱਲੀ ਤੋਂ ਰਿਮੋਰਟ ਰਾਹੀਂ ਪੰਜਾਬ ਨੂੰ ਚਲਾਉਣਾ ਹੈ, ਲੋਕ ਇਨ੍ਹਾਂ ਚੋਣਾਂ ’ਚ ਇਨ੍ਹਾਂ ਦੇ ਸਾਰੇ ਭੁਲੇਖੇ ਕੱਢ ਦੇਣਗੇ। ਅਖ਼ੀਰ ਵਿਚ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਲੋਕ ਕਾਂਗਰਸ ਅਤੇ ਆਪ ਦੀਆਂ ਗੱਲਾਂ ਵਲ ਉਕਾ ਹੀ ਧਿਆਨ ਨਾ ਦੇਣ, ਕਿਉਂਕਿ ਜਿਸ ਪੀ ਪਾਰਟੀ ਦਾ ਰਿਮੋਰਟ ਦਿੱਲੀ ਦੇ ਹੱਥ ਰਿਹਾ ਹੋਵੇ, ਉਸਨੇ ਪੰਜਾਬ ਦਾ ਕਦੇ ਭਲੇ ਨਹੀਂ ਕੀਤਾ।
ਇਸ ਮੌਕੇ ਬਸਪਾ ਆਗੂ ਬਲਦੇਵ ਸਿੰਘ ਮਹਿਰਾ, ਗੁਰਜੰਟ ਸਿੰਘ ਮਹਿਦੂਦਾਂ, ਨਰਦੇਵ ਸਿੰਘ ਆਕੜੀ, ਜਸਵਿੰਦਰ ਸਿੰਘ ਬੰਬੀ ਸਰਕਲ ਪ੍ਰਧਾਨ, ਜਥੇਦਾਰ ਜੰਗ ਸਿੰਘ ਰੁੜਕਾ, ਗੁਰਚਰਨ ਸਿੰਘ ਸੇਹਰਾ, ਬੇਅੰਤ ਸਿੰਘ ਆਕੜੀ, ਮਲਕੀਤ ਸਿੰਘ ਸੇਹਰਾ, ਰਜਿੰਦਰ ਸਿੰਘ ਮੰਡਵਾਲ, ਰੁਲਦਾ ਸਿੰਘ ਮੰਡਵਾਲ, ਜਗੀਰ ਸਿੰਘ ਜੈ ਨਗਰ, ਧਰਮ ਸਿੰਘ ਅਲੀਪੁਰ, ਐਡਵੋਕੇਟ ਇੰਦਰਪਾਲ ਸਿੰਘ ਜੈਨਗਰ, ਜਸਵੰਤ ਸਿੰਘ ਜੈ ਨਗਰ, ਅਮਨਿੰਦਰ ਸਿੰਘ ਭੇਡਵਾਲ, ਹਰਜੀਤ ਸਿੰਘ ਸੇਹਰਾ, ਅਜਾਇਬ ਸਿੰਘ ਸੇਹਰਾ, ਸਤਨਾਮ ਸਿੰਘ ਆਕੜ ਸਰਕਲ ਪ੍ਰਧਾਨ, ਦਵਿੰਦਰ ਸਿੰਘ ਟਹਿਲਪੁਰਾ, ਸੁਰਿੰਦਰਪਾਲ ਸਿੰਘ ਸੋਹੀ, ਜਗਤਾਰ ਸਿੰਘ ਫੌਜੀ, ਸੁਖਵਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ ਸਰਪੰਚ ਰਾਮਪੁਰ ਵੀ ਹਾਜ਼ਰ ਸਨ।