ਮਾਤਾ ਗੁਰਦੇਵ ਕੌਰ ਦੀ ਯਾਦ ਅੰਦਰ ਦਸਮੇਸ਼ ਡੈਂਟਲ 'ਚ ਸ਼ੋਕਮਈ ਸਭਾ ਕੀਤੀ ਗਈ
- 29 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ ਅੰਤਿਮ ਅਰਦਾਸ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 25 ਜਨਵਰੀ 2022 - ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਜੁਆਇੰਟ ਡਾਇਰੈੱਕਟਰ ਸ਼੍ਰੀ ਸਵਰਨਜੀਤ ਸਿੰਘ ਗਿੱਲ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮੁਕਤਸਰ ਸਾਹਿਬ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਸੁਪਤਨੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਤੇ ਦਸਮੇਸ਼ ਗਰੁੱਪ ਆਫ਼ ਇੰਸਟਚਿਊਟਸ ਵੱਲੋਂ ਸ਼ੋਕਮਈ ਸਭਾ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਦੇ ਪਿ੍ੰਸੀਪਲ ਡਾ.ਐੱਸ.ਪੀ.ਐੱਸ.ਸੋਢੀ ਨੇ ਦੱਸਿਆ ਕਿ ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ 'ਚੋਂ ਦਸਮੇਸ਼ ਡੈਂਟਲ ਕਾਲਜ, ਦਸਮੇਸ਼ ਨਰਸਿੰਗ ਕਾਲਜ ਫ਼ਰੀਦਕੋਟ, ਦਸਮੇਸ਼ ਫ਼ਿਜੀਓਥਰੈੱਪੀ ਕਾਲਜ ਫ਼ਰੀਦਕੋਟ, ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ, ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ, ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਸਮੁੱਚੇ ਸਟਾਫ਼ ਨੇ ਗਿੱਲ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
ਇੱਥੇ ਜ਼ਿਕਰਯੋਗ ਹੈ ਕਿ ਗਿੱਲ ਪ੍ਰੀਵਾਰ ਦੇ ਮੁਖੀ ਸਵਰਗੀ ਕੁਲਦੀਪ ਸਿੰਘ ਗਿੱਲ ਜੋ ਦਸਮੇਸ਼ ਸੰਸਥਾਵਾਂ ਦੇੇ ਰੂਹ-ਏ-ਰਵਾਂ ਰਹੇ | ਬੀਤੀ 10 ਦਸੰਬਰ 2021 ਨੂੰ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ | ਹੁਣ ਕਰੀਬ 40 ਦਿਨਾਂ ਬਾਅਦ ਗਿੱਲ ਪ੍ਰੀਵਾਰ ਦੇ ਮਾਤਾ ਗੁਰਦੇਵ ਕੌਰ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਛੱਡ ਤੁਰ ਗਏ | ਇੱਥੇ ਜ਼ਿਕਰਯੋਗ ਹੈ ਕਿ ਗਿੱਲ ਪ੍ਰੀਵਾਰ ਹਮੇਸ਼ਾ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਖੇਤਰ 'ਚ ਅੱਗੇ ਵਧਾਉਣ ਲਈ ਯਤਨਸ਼ੀਲ ਰਹਿੰਦਾ ਹੈ | ਪ੍ਰੀਵਾਰ ਦਾ ਮੰਨਣਾ ਹੈ ਕਿ ਸਿੱਖਿਆ ਦੇ ਗਿਆਨ ਨਾਲ ਹੀ ਅਸੀਂ ਜੀਵਨ 'ਚ ਅਸਲ ਤਰੱਕੀ ਕਰ ਸਕਦੇ ਹਾਂ |
ਇਸ ਲਈ ਅੱਜ ਪ੍ਰੀਵਾਰ ਦੇ ਨਾਲ-ਨਾਲ ਉਹ ਲੋਕਾਂ ਦੀ ਅੱਖ ਵੀ ਨਮ ਹੈ ਜਿਨ੍ਹਾਂ ਦਾ ਹਮੇਸ਼ਾ ਗਿੱਲ ਪ੍ਰੀਵਾਰ ਮਾਰਗ ਦਰਸ਼ਨ ਕਰਦਾ ਆ ਰਿਹੈ | ਇਸ ਦੁੱਖ ਦੀ ਘੜੀ 'ਚ ਡਾਇਰੈੱਕਟਰ ਡਾ.ਗੁਰਸੇਵਕ ਸਿੰਘ, ਦਸਮੇਸ਼ ਪਬਲਿਕ ਸਕੂਲ ਦੇ ਡਾਇਰੈੱਕਟਰ ਜਨਰਲ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਅਪੂਰਵ ਦੇਵਗਣ, ਪਿ੍ੰਸੀਪਲ ਭੁਪਿੰਦਰ ਕੌਰ ਸਰਾਂ, ਪਿ੍ੰ.ਰਵਿੰਦਰ ਚੌਧਰੀ, ਕੋਆਰਡੀਨੇਟਰ ਰਾਕੇਸ਼ ਧਵਨ, ਨਿਤਿਨ ਮਿੱਤਲ ਨੇ ਗਿੱਲ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |