ਸਰਦੂਲਗੜ੍ਹ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ
ਸੰਜੀਵ ਜਿੰਦਲ
ਸਰਦੂਲਗੜ੍ਹ, 25 ਜਨਵਰੀ 2022 : ਸਥਾਨਕ ਸਬ-ਡਿਵੀਜ਼ਨ ਦਫਤਰ ਵਿਖੇ ਐਸਡੀਐਮ ਮਨੀਸ਼ਾ ਰਾਣਾ ਦੀ ਅਗਵਾਈ ਹੇਠ ਕੌਮੀ ਵੋਟਰ ਦਿਹਾਡ਼ਾ ਮਨਾਇਆ ਗਿਆ।
ਇਸ ਦੌਰਾਨ ਮਨੀਸ਼ਾ ਰਾਣਾ ਨੇ ਕਿਹਾ ਕਿ ਵੋਟਰ ਦਿਵਸ ਦੀ ਸ਼ੁਰੂਆਤ ਪਹਿਲੀ ਵਾਰ 2011 ਵਿੱਚ ਨੌਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ ।ਕਿਉਂਕਿ 25 ਜਨਵਰੀ 1950 ਵਿੱਚ ਹੋਂਦ ਵਿੱਚ ਆਏ ਭਾਰਤੀ ਚੋਣ ਕਮਿਸ਼ਨ ਦਾ ਸਥਾਪਨਾ ਦਿਵਸ ਹੈ। ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਇਸ ਵਿੱਚ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ, ਉਸ ਨੂੰ ਬਾਲਗ ਮਤ ਅਧਿਕਾਰ ਬਿਨਾਂ ਕਿਸੇ ਧਰਮ, ਜਾਤ, ਰੰਗ, ਨਸਲ ਅਤੇ ਲਿੰਗ ਦੇ ਵਿਤਕਰੇ ਤੋਂ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਨਵੇਂ ਅਤੇ ਯੋਗ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਰ ਸੂਚੀ ਵਿੱਚ ਦਰਜ ਕਰਕੇ ਭਾਰਤੀ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਜਿੱਥੇ ਵਧਾਉਣਾ ਹੈ, ਉੱਥੇ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਹਲਕੇ ਦੇ ਬੂਥ ਲੈਵਲ ਅਫਸਰਾਂ ਵੱਲੋਂ ਨਵੇਂ ਬਣੇ ਸ਼ਨਾਖਤੀ ਕਾਰਡ ਵੋਟਰਾਂ ਨੂੰ ਵੰਡੇ ਗਏ।
ਇਸ ਮੌਕੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ, ਸੁਪਰਡੈਂਟ ਅਮਰਜੀਤ ਸਿੰਘ, ਮੁਕੇਸ਼ ਕੁਮਾਰ, ਮਨਜਿੰਦਰ ਸਿੰਘ, ਕਸ਼ਮੀਰ ਸਿੰਘ, ਰਾਜ ਕੁਮਾਰ, ਰਕੇਸ਼ ਕੁਮਾਰ, ਚਰਨਜੀਤ ਸਿੰਘ, ਵਿਨੋਦ ਕੁਮਾਰ, ਭੋਜ ਕੁਮਾਰ ਗਰਗ, ਅਮਰੀਕ ਸਿੰਘ ਆਦਿ ਹਾਜ਼ਰ ਸਨ।