"ਪਾਕਿਸਤਾਨ 'ਚ ਨਿਹੱਥੇ ਸਿੱਖਾਂ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸੂਰਮੇ ਨਾ ਸਮਝੇ ਜਥੇਬੰਦੀ" - ਜਥੇਦਾਰ ਹਵਾਰਾ
- ਅੰਤਰਰਾਸ਼ਟਰੀ ਜਥੇਬੰਦੀਆਂ ਨੂੰ ਇਸ ਮੁੱਦੇ ਨੂੰ ਪੂਰੀ ਦੁਨੀਆਂ ਵਿਚ ਚੁੱਕਣ ਦੀ ਕੀਤੀ ਅਪੀਲ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 18 ਮਈ 2022 - ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਦੋ ਸਿੱਖਾਂ ਨੂੰ ਕਤਲ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਇੱਕ ਮੁਲਾਕਾਤ ਸਮੇਂ ਭੇਜੇ ਗਏ ਸੁਨੇਹੇ ਵਿੱਚ ਜਥੇਦਾਰ ਹਵਾਰਾ ਨੇ ਕਿਹਾ ਕਿ ਪ੍ਰਾਪਤ ਖ਼ਬਰਾਂ ਦੇ ਅਨੁਸਾਰ ਇੱਕ ਕੱਟੜ ਇਸਲਾਮਿਕ ਜਥੇਬੰਦੀ ‘ਇਸਲਾਮਿਕ ਸਟੇਟ ਖੁਰਾਸਾਨ’ ਨੇ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ।
ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਾਤਲ ਧਿਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਿਆ ਕਿ ਦੋ ਨਿਹੱਥੇ ਸਿੱਖਾਂ ਨੂੰ ਗੋਲ਼ੀਆਂ ਮਾਰ ਕੇ ਉਹ ਆਪਣੇ ਆਪ ਨੂੰ ‘ਸੂਰਮੇ’ ਅਤੇ ‘ਮੁਜਾਹਦੀਨ’ ਨਾ ਸਮਝਣ। ਜਥੇਦਾਰ ਹਵਾਰਾ ਨੇ ਕਿਹਾ ਕਿ ਇਸਲਾਮਿਕ ਦੇਸ਼ ਵਿੱਚ ਇਸਲਾਮ ਦੇ ਨਾਂ ਤੇ ਨਿਹੱਥੇ ਸਿੱਖਾਂ ਨੂੰ ਕਤਲ ਕਰਨ ਵਾਲ਼ੀ ਇਸ ਜਥੇਬੰਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਕਈ ਮੌਕਿਆਂ ਤੇ ਸਿੱਖਾਂ ਨੇ ਆਪਣੀ ਜਾਨ ਤੇ ਖੇਡ ਕੇ ਮੁਸਲਮਾਨਾਂ ਦੀਆਂ ਜਾਨਾਂ ਅਤੇ ਇੱਜ਼ਤਾਂ ਬਚਾਈਆਂ ਹਨ। ਇਸਲਾਮ ਦੇ ਇਹ ਨਕਲੀ ਸੇਵਾਦਾਰ ਜੇਕਰ ਸਿੱਖਾਂ ਦੇ ਸ਼ੁਕਰਗੁਜਾਰ ਨਹੀਂ ਹੋ ਸਕਦੇ, ਤਾਂ ਨਿਹੱਥੇ ਸਿੱਖਾਂ ਦੇ ਲਹੂ ਨਾਲ਼ ਆਪਣੇ ਹੱਥ ਰੰਗ ਕੇ ਅਕ੍ਰਿਤਘਣ ਨਾ ਬਣਨ।
ਉਹ ਸਮਝ ਲੈਣ ਕਿ ਸਿੱਖਾਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਦੇ ਵਾਰਸ ਅਜੇ ਜਿਊਂਦੇ ਹਨ। ਜਥੇਦਾਰ ਹਵਾਰਾ ਨੇ ਕਿਹਾ ਕਿ ਸਿੱਖ ਕੌਮ ਅੰਤਾਂ ਦੀ ਦਿਆਲੂ ਕੌਮ ਹੈ, ਪਰ ਇਹ ਹੈਂਕੜਬਾਜ਼ ਜਰਵਾਣਿਆਂ ਨੂੰ ਬਖਸ਼ਦੀ ਵੀ ਨਹੀਂ। ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਦੀਆਂ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਇਹਨਾਂ ਕਤਲਾਂ ਵਿਰੁੱਧ ਦੁਨੀਆਂ ਭਰ ਵਿੱਚ ਅਵਾਜ਼ ਬੁਲੰਦ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਯਾਦ ਰਹੇ ਕਿ ਸਿੱਖ ਭਾਈਚਾਰੇ ਨਾਲ਼ ਸੰਬੰਧਿਤ ਦੋ ਦੁਕਾਨਦਾਰਾਂ ਦਾ ਐਤਵਾਰ 15 ਮਈ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਵਿੱਚ 42 ਸਾਲ ਦੇ ਰਣਜੀਤ ਸਿੰਘ 38 ਸਾਲ ਦੇ ਸਲਜੀਤ ਸਿੰਘ ਸ਼ਾਮਲ ਸਨ ਜਿਨ੍ਹਾਂ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਸਰਬੰਦ ਇਲਾਕੇ ਵਿੱਚ ਗੋਲ਼ੀਆਂ ਮਾਰੀਆਂ।
ਇਹਨਾਂ ਵਿੱਚੋਂ ਇੱਕ ਰਣਜੀਤ ਸਿੰਘ ਦੇ ਭਰਾ ਨਰਿੰਦਰ ਸਿੰਘ ਨੇ ਪੂਰੇ ਵਾਕੇ ਬਾਰੇ ਦੱਸਦਿਆਂ ਹਕੂਮਤ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਕਤਲ ਕੀਤੇ ਗਏ ਅਤੇ ਰਣਜੀਤ ਅਤੇ ਕੁਲਜੀਤ ਦੇ ਘਰਾਂ ਬਾਹਰ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਸਿੱਖ ਪਰਿਵਾਰ ਸਦਮੇ ਵਿੱਚ ਹਨ। ਨਰਿੰਦਰ ਸਿੰਘ ਨੇ ਦੱਸਿਆ ਕਿ ਉਹ 2008 ਤੋਂ ਪੇਸ਼ਾਵਰ ਵਿੱਚ ਰਹਿ ਰਹੇ ਹਨ। ਪੁਲਿਸ ਅਧਿਕਾਰੀ ਦੱਸਦੇ ਹਨ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਕਾਤਲਾਂ ਨੂੰ ਫੜਨ ਲਈ ਭਾਲ ਜਾਰੀ ਹੈ।ਜਥੇਦਾਰ ਹਵਾਰਾ ਦੇ ਮੁਲਾਕਾਤੀ ਦਲਜੀਤ ਸਿੰਘ ਵੱਲੋਂ ਮਿਲੀ ਉਕਤ ਜਾਣਕਾਰੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਪ੍ਰੈਸ ਨੂੰ ਸਾਂਝੀ ਕੀਤੀ ਹੈ