ਸੰਗਰੂਰ: ਏ ਡੀ ਸੀ ਵੱਲੋਂ ਧਾਰਾ 144 ਅਧੀਨ ਪਾਬੰਦੀ ਹੁਕਮ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 24 ਮਈ, 2022: ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲਾ ਸੰਗਰੂਰ ਦੀਆਂ ਸੀਮਾਵਾਂ ਅੰਦਰ ਲੋਕਾਂ ਦੇ ਇਕੱਠ, ਧਾਰਮਿਕ ਸਥਾਨਾਂ , ਵਿਆਹ ਵਾਲੇ ਸਥਾਨ, ਜਨਮ ਦਿਨ ਪਾਰਟੀਜ਼, ਜਨਤਕ ਥਾਵਾਂ ਵਿੱਚ ਹਥਿਆਰਾਂ, ਲਾਠੀਆਂ, ਗੰਡਾਸੇ, ਤੇਜਧਾਰ ਟਾਕੂਏ, ਕੁਲਹਾੜੀਆਂ ਆਦਿ ਚੁੱਕਣ ਅਤੇ ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਜੁਲਾਈ 2022 ਤੱਕ ਜਾਰੀ ਰਹਿਣਗੇ।
ਰਾਜ ਵਿੱਚ ਹੋ ਰਹੀਆਂ ਘਟਨਾਵਾਂ ਦੇ ਸਬੰਧ ਵਿੱਚ ਇਸ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਲੋਕ ਅਮਨ ਤੇ ਸ਼ਾਂਤੀ ਵਿੱਚ ਖਲਲ ਪੈਦਾ ਹੋਣ ਤੇ ਸਰਕਾਰੀ/ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਣ ਤੋਂ ਸੁਰੱਖਿਅਤ ਰੱਖਣ ਲਈ ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ ਇਹ ਹੁਕਮ ਫੌਜਦਾਰੀ ਜਾਬਤਾ ਸੰਘਤਾ 1974 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ। ਇਹ ਹੁਕਮ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐੱਫ਼ ਜਾਂ ਸਰਕਾਰੀ ਡਿਊਟੀ ਕਰ ਰਹੇ ਸੁਰੱਖਿਆ ਕਰਮਚਾਰੀਆਂ, ਜਿਨ੍ਹਾਂ ਕੋਲ ਸਰਕਾਰੀ ਹਥਿਆਰ ਹਨ 'ਤੇ ਲਾਗੂ ਨਹੀਂ ਹੋਵੇਗਾ।