ਭਾਰਤੀ ਜਨਤਾ ਪਾਰਟੀ ਨੇ ਮਨਾਇਆ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ
ਅਸ਼ੋਕ ਵਰਮਾ
ਬਠਿੰਡਾ, 23 ਜੂਨ,2022 : ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਸ਼ਹਾਦਤ ਦੇਣ ਵਾਲੇ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਅੱਜ ਭਾਜਪਾ ਦੇ ਪੂਰਬੀ ਮੰਡਲ ਵੱਲੋਂ ਪ੍ਰਧਾਨ ਨਰੇਸ਼ ਮਹਿਤਾ ਦੀ ਅਗਵਾਈ ਹੇਠ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਦੌਰਾਨ ਮੰਡਲ ਇੰਚਾਰਜ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਬਾਲਿਆਂ ਵਾਲੀ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਬਬੀਤਾ ਗੁਪਤਾ, ਮੰਡਲ ਜਨਰਲ ਸਕੱਤਰ ਲਵ ਸਚਦੇਵਾ, ਅਨੂਪ ਗਰਗ, ਮੰਡਲ ਉਪ ਪ੍ਰਧਾਨ ਡਾ. ਵਿਜੇ ਕਾਂਸਲ, ਸ਼ਿਆਮ ਸੁੰਦਰ ਅਗਰਵਾਲ, ਪਵਨ ਜਿੰਦਲ, ਸਕੱਤਰ ਦਿਨੇਸ਼ ਸਿੰਗਲਾ, ਵਿਵੇਕ ਗੁਪਤਾ, ਐਚਆਰ ਬਾਂਸਲ, ਅੰਕਿਤ ਗਰਗ ਅਤੇ ਪੂਰਬੀ ਮੰਡਲ ਦੇ ਸਮੂਹ ਵਰਕਰ ਹਾਜ਼ਰ ਸਨ।
ਇਸ ਮੌਕੇ ਮੰਡਲ ਪ੍ਰਧਾਨ ਨਰੇਸ਼ ਮਹਿਤਾ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੇ ਤਾਉਮਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਾਈ ਲੜੀ ਜਿਸ ਤਹਿਤ ਉਨ੍ਹਾਂ ਨੇ ਕਸ਼ਮੀਰ ਦੇ ਭਾਰਤ ਵਿਚ ਰਲੇਵੇਂ ਲਈ ਅੰਦੋਲਨ ਸ਼ੁਰੂ ਕੀਤਾ ਸੀ ਜੋ ਉਸ ਵਕਤ ਵੱਡੀ ਗੱਲ ਸੀ। ਉਨ੍ਹਾਂ ਕਿਹਾ ਕਿ ਇਸ ਲੜਾਈ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 23 ਜੂਨ 1953 ਨੂੰ ਜੇਲ੍ਹ ਵਿੱਚ ਉਨ੍ਹਾਂ ਦੀ ਭੇਦ ਭਰੇ ਹਾਲਾਤਾਂ ’ਚ ਮੌਤ ਹੋ ਗਈ। ਇਸ ਮੌਕੇ ਮੰਡਲ ਇੰਚਾਰਜ ਅਤੇ ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਵੱਲੋਂ ਲਿਆ ਸੁਪਨਾ ਉਨ੍ਹਾਂ ਦੇ 69ਵੇਂ ਬਲੀਦਾਨ ਦਿਵਸ ’ਤੇ ਮੋਦੀ ਸਰਕਾਰ ਦੀ ਅਗਵਾਈ ਹੇਠ ਪੂਰਾ ਕੀਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਧਾਰਾ 370 ਨੂੰ ਤੋੜ ਕੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਇਆ ਹੈ। ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਭਾਰਤ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ । ਉਨ੍ਹਾਂ ਦੱਸਿਆ ਕਿ 6 ਜੁਲਾਈ 1901 ਨੂੰ ਜਨਮੇ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ 22 ਸਾਲ ਦੀ ਉਮਰ ਵਿੱਚ ਐਮਏ ਕਰਨ ਤੋਂ ਬਾਅਦ 24 ਸਾਲ ਦੀ ਉਮਰ ਵਿੱਚ ਕਲਕੱਤਾ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਬਣੇ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਆਗੂਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ।