ਸਮਾਜਿਕ ਏਕਤਾ ਮੰਚ ਅਣਐਲਾਨੀ ਐਂਮਰਜੈਂਸੀ ਵਿਰੁੱਧ ਕੀਤੀ ਜਾ ਰਹੀ ਕਾਨਫਰੰਸ ਵਿਚ ਕਰੇਗਾ ਭਰਵੀਂ ਸ਼ਮੂਲੀਅਤ
ਨਵਾਂਸ਼ਹਿਰ 23 ਜੂਨ,2022 - ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ 26 ਜੂਨ ਨੂੰ ਮੋਦੀ ਸਰਕਾਰ ਦੀ ਅਣ ਐਲਾਨੀ ਐਂਮਰਜੈਂਸੀ ਵਿਰੁੱਧ ਕੀਤੀ ਜਾ ਰਹੀ ਕਾਨਫਰੰਸ ਅਤੇ ਮੁਜਾਹਰੇ ਦੀ ਤਿਆਰੀ ਸਬੰਧੀ ਸਮਾਜਿਕ ਏਕਤਾ ਮੰਚ ਵਲੋਂ ਇੱਥੇ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 26 ਜੂਨ ਦੀ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੱਲਾ ਗੁੱਜਰ,ਇਕਰਾਰ, ਸਲੀਮ, ਆਜਾਦ, ਬਲਜੀਤ ਸਿੰਘ ਅਤੇ ਅਨਵਰ ਹੁਸੈਨ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਵਿਚ ਅਣਐਲਾਨੀ ਐਂਮਰਜੈਂਸੀ ਲਾਈ ਹੋਈ ਹੈ।ਲੋਕਾਂ ਦੇ ਪਹਿਰਾਵੇ, ਖਾਣ-ਪਾਣ,ਭਾਸ਼ਾ ਅਤੇ ਸੱਭਿਆਚਾਰ ਉੱਤੇ ਹਮਲੇ ਕੀਤੇ ਜਾ ਰਹੇ ਹਨ।
ਭਾਜਪਾ, ਆਰ.ਐਸ. ਐਸ ਅਤੇ ਹੋਰ ਕੁਝ ਜਥੇਬੰਦੀਆਂ ਭਾਈਚਾਰਕ ਸਾਂਝ ਨੂੰ ਸੱਟ ਮਾਰ ਰਹੀਆਂ ਹਨ।ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ।ਮੋਦੀ ਸਰਕਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ ਨੂੰ ਸੱਟ ਮਾਰੀ ਜਾ ਰਹੀ ਹੈ।ਉਹਨਾਂ ਕਿਹਾ ਕਿ 26 ਜੂਨ 1975 ਵਿਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਲਾਨੀਆ ਐਂਮਰਜੈਂਸੀ ਲਾਕੇ ਦੇਸ਼ ਵਾਸੀਆਂ ਦੇ ਸਾਰੇ ਮਨੁੱਖੀ ਅਤੇ ਜਮਹੂਰੀ ਹੱਕ ਖਤਮ ਕਰ ਦਿੱਤੇ ਸਨ ਪਰ ਮੋਦੀ ਸਰਕਾਰ ਅਣਐਲਾਨੀ ਐਂਮਰਜੈਂਸੀ ਰਾਹੀਂ ਦੇਸ਼ ਵਾਸੀਆਂ ਉੱਤੇ ਹੋਰ ਵੀ ਵੱਧ ਜੁਲਮ ਢਾਹ ਰਹੀ ਹੈ ਜਿਸਦਾ ਵਿਰੋਧ ਹੋਣਾ ਲਾਜਮੀ ਹੈ।