ਵਿਪਨ ਕੁਮਾਰ ਬਿੱਟੂ ਲਗਾਤਾਰ ਚੌਥੀ ਵਾਰ ਦੋ ਸਾਲਾਂ ਲਈ ਬਣੇ ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ
ਦੀਪਕ ਗਰਗ
ਕੋਟਕਪੂਰਾ 23 ਜੂਨ 2022 - ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦੀ ਮੀਟਿੰਗ ਸੰਸਥਾ ਦੇ ਸਰਪ੍ਰਸਤ ਰਾਜ ਕੁਮਾਰ ਲਾਹੋਰੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਵੀ ਕਾਲੜਾ ਨੇ ਦੱਸਿਆ ਕਿ ਚੇਅਰਮੈਨ ਰਾਜ ਕੁਮਾਰ ਲਾਹੋਰੀਆ ਵੱਲੋਂ ਸਮੂਹ ਮੈਂਬਰਾਂ ਤੋਂ ਪ੍ਰਧਾਨਗੀ ਲਈ ਸੁਝਾਅ ਮੰਗਣ ਤੋਂ ਬਾਅਦ ਵਿਪਨ ਕੁਮਾਰ ਬਿੱਟੂ ਦੇ ਨਾਂ 'ਤੇ ਸਹਿਮਤੀ ਬਣੀ ਅਤੇ ਵਿਪਨ ਕੁਮਾਰ ਬਿੱਟੂ ਨੂੰ ਲਗਾਤਾਰ ਚੌਥੀ ਵਾਰ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਚੇਅਰਮੈਨ ਵੱਲੋਂ ਸਮੂਹ ਮੈਂਬਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਸਿਰਫ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਵਾਲੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਵਿਪਨ ਕੁਮਾਰ ਬਿੱਟੂ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਐਸੋਸੀਏਸ਼ਨ ਦੀ ਭਲਾਈ ਅਤੇ ਏਕਤਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਮੌਕੇ ਮੁਕੇਸ਼ ਗਰਗ, ਗਗਨ ਅਹੂਜਾ, ਮਹੇਸ਼ ਕੁਮਾਰ, ਰਜਿੰਦਰ ਸਿੰਗਲਾ, ਰਜਨੀਸ਼ ਸਿੰਗਲਾ, ਰਾਜ ਕੁਮਾਰ ਰਾਜੂ, ਹਰੀਸ਼ ਬਤਰਾ, ਅਮਿਤ ਗਰਗ, ਨਰੇਸ਼ ਜਿੰਦਲ, ਵਰਿੰਦਰ ਪਾਲ ਸਿੰਘ ਅਤੇ ਯਸ਼ ਕਾਂਸਲ ਸਮੇਤ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ।