ਸਖੀ ਵਨ ਸੈਂਟਰ ਨੇ ਸਵਾਰਿਆ ਇੱਕ ਪਰਿਵਾਰ ਦਾ ਭਵਿੱਖ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ 2022 - ਗੁਰਦਾਸਪੁਰ ਸਥਿਤ ਸਖੀ ਵਨ ਸਟਾਪ ਨੇ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਇਕ ਬੱਚੀ ਦੀ ਮਾਂ ਨੂੰ ਸਮਝਾ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਦਿੱਤਾ ਹੈ, ਜਿਸ ਤਹਿਤ ਉਕਤ ਵਿਆਹੁਤਾ ਨੇ ਵੀ ਸੰਸਥਾ ਨੂੰ ਭਰੋਸਾ ਦਵਾਇਆ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਰਹੇਗੀ। ਜਾਣਕਾਰੀ ਦਿੰਦੇ ਹੋਏ ਸਖੀ ਵਨ ਸੈਂਟਰ ਦੀ ਐਡਮਨਿਸਟਰੇਟਰ ਅਨੂੰ ਗਿੱਲ ਨੇ ਦੱਸਿਆ ਕਿ ਰਾਜਸਥਾਨ ਦੀ ਰਹਿਣ ਵਾਲੀ ਇਕ ਲੜਕੀ ਦਾ ਵਿਆਹ ਦੀਨਾਨਗਰ ਵਿਖੇ ਹੋਇਆ ਹੈ ਅਤੇ ਉਹ ਆਪਣੇ ਪਤੀ ਦੇ ਨਾਲ ਹੀ ਭੱਠੇ 'ਤੇ ਕੰਮ ਕਰਦੀ ਹੈ, ਜਿਨ੍ਹਾਂ ਦਾ ਇਕ 3 ਸਾਲ ਦਾ ਬੱਚਾ ਵੀ ਹੈ।
ਅਨੂੰ ਗਿੱਲ ਨੇ ਦੱਸਿਆ ਕਿ ਉਕਤ ਲੜਕੀ ਦੇ ਨੇੜਲੇ ਇਕ ਭੱਠੇ 'ਤੇ ਕੰਮ ਕਰਦੇ ਇਕ ਲੜਕੇ ਨਾਲ ਪ੍ਰੇਮ ਸਬੰਧ ਬਣ ਗਏ ਸਨ, ਜਿਸ ਦੇ ਚਲਦਿਆਂ ਉਹ 29 ਮਈ ਨੂੰ ਉਕਤ ਲੜਕੇ ਨਾਲ ਆਪਣਾ ਘਰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਉਕਤ ਲੜਕੀ ਦੇ ਪਤੀ ਨੇ 12 ਜੂਨ ਨੂੰ ਥਾਣਾ ਦੀਨਾਨਗਰ ਵਿਖੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ 'ਤੇ ਪੁਲਿਸ ਨੇ ਉਕਤ ਲੜਕੀ ਦੀ ਭਾਲ ਕਰਕੇ ਉਸ ਨੂੰ ਸਖੀ ਵਨ ਸਟਾਪ ਸੈਂਟਰ ਨੂੰ ਸੌਂਪ ਦਿੱਤਾ।
ਅਨੂੰ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਵਿਆਹੁਤਾ ਦੀ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਭਰੋਸਾ ਦਵਾਇਆ ਹੈ ਕਿ ਉਹ ਆਪਣੇ ਪਤੀ ਨਾਲ ਰਹੇਗੀ ਅਤੇ ਆਪਣੇ ਬੱਚੇ ਦੀ ਵੀ ਦੇਖ ਭਾਲ ਕਰੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਲੜਕੀ ਘਰੇਲੂ ਹਿੰਸਾ ਦਾ ਸ਼ਿਕਾਰ ਹੈ ਜਾਂ ਹੋਰ ਕੋਈ ਘਰੇਲੂ ਸਮੱਸਿਆ ਹੈ ਤਾਂ ਸੈਂਟਰ ਵੱਲੋਂ ਉਸ ਨੂੰ ਇਨਸਾਫ ਦਵਾਉਣ ਵਿੱਚ ਮਦਦ ਕੀਤੀ ਜਾਂਦੀ ਹੈ ਤਾਂ ਜੋ ਘਰੇਲੂ ਕਲੇਸ਼ ਨੂੰ ਦੂਰ ਕਰਕੇ ਇਕ ਖੁਸ਼ਹਾਲੀ ਭਰੀ ਜਿੰਦਗੀ ਦੀ ਸ਼ੁਰੂਆਤ ਕੀਤੀ ਜਾ ਸਕੀ।