ਰਾਹਗੀਰਾਂ ਵਾਸਤੇ ਠੰਡੇ ਅਤੇ ਮਿੱਠੇ ਪਾਣੀ ਦੀ ਲਗਾਈ ਛਬੀਲ ਗਈ
- ਪ੍ਰਿਥਵੀ ਦਾ ਤਾਪਮਾਨ ਸਹੀ ਕਰਨ ਲਈ ਹਰ ਵਿਅਕਤੀ ਨਿੱਜੀ ਤੌਰ ਤੇ ਆਪਣੀ ਜ਼ਿਮੇਵਾਰੀ ਸਮਝਦਿਆ 2 ਪੌਦੇ ਜ਼ਰੂਰ ਲਗਾਵੇ: ਡਾ.ਰਣਜੀਤ ਸਿੰਘ
- ਡਾ ਰਣਜੀਤ ਸਿੰਘ ਨੇ ਲਗਾਈ ਗਈ ਛਬੀਲ ਵਿੱਚ ਪਰਿਵਾਰ ਸਮੇਤ ਕੀਤੀ ਸੇਵਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 25 ਜੂਨ 2022 - ਅੰਤਾਂ ਦੀ ਪੈ ਰਹੀ ਗਰਮੀ ਦੇ ਕਾਰਨ ਰਣਜੀਤ ਹੋਮਿਓ ਹਸਪਤਾਲ ਮਾਲੇਰਕੋਟਲਾ ਵੱਲੋਂ ਰਾਹਗੀਰਾਂ ਨੂੰ ਗਰਮੀ ਤੋਂ ਨਿਜਾਤ ਦਿਲਵਾਉਣ ਲਈ ਸਥਾਨਕ ਟਰੱਕ ਯੂਨੀਅਨ ਤੋਂ ਕੋਰਟ ਰੋਡ ਤੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ । ਪ੍ਰਸਿੱਧ ਸਮਾਜ ਸੇਵਕ ਡਾ ਰਣਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਅੱਤ ਦੀ ਗਰਮੀ ਚ' ਪਾਣੀ ਦੀ ਸੇਵਾ ਮਨੁੱਖਤਾ ਦੀ ਵਡਮੁੱਲੀ ਸੇਵਾ ਹੈ।
ਉਨ੍ਹਾਂ ਕਿਹਾ ਕਿ ਵਧ ਰਹੀ ਗਰਮੀ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਬਾਰੇ ਸਰਕਾਰ ਨੂੰ ਵੱਡੇ ਪੱਧਰ ਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੇੜ ਪੌਦਿਆਂ ਦੇ ਸਬੰਧ ਵਿੱਚ ਕੋਈ ਵਿਸ਼ੇਸ਼ ਕਾਨੂੰਨ ਪਾਸ ਕਰੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਮਨੁੱਖ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਆਪਣੇ ਪੱਧਰ ਤੇ ਪੇੜ ਪੌਦੇ ਲਗਾਉਣ ਦਾ ਕੰਮ ਕਰ ਰਹੀਆਂ ਹਨ ਜੋ ਕਿ ਬੜਾ ਹੀ ਸ਼ਲਾਘਾ ਯੋਗ ਕੰਮ ਹੈ , ਪਰੰਤੂ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਜਾਂ ਸੰਸਥਾਵਾਂ ਪੌਦੇ ਤਾਂ ਲਗਾਉਂਦੇ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਸਹੀ ਨਾ ਹੋਣ ਕਾਰਨ ਸਭ ਬੇਕਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿਥਵੀ ਦਾ ਤਾਪਮਾਨ ਸਹੀ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਘੱਟੋ ਤੋਂ ਘੱਟ 2 ਪੌਦੇ ਜ਼ਰੂਰ ਲਗਾਵੇ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ ਬਿਹਤਰ ਹੋ ਸਕੇ ਤੇ ਇਸ ਵਿਨਾਸ਼ਮਈ ਗਰਮੀ ਤੋਂ ਨਿਜਾਤ ਮਿਲ ਸਕੇ । ਦਿਨ ਭਰ ਚੱਲੀ ਇਸ ਛਬੀਲ ਵਿੱਚ ਡਾ. ਰਣਜੀਤ ਸਿੰਘ , ਡਾ. ਸਾਹਿਬਜੀਤ ਸਿੰਘ ਅਤੇ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਨੇ ਸ਼ਲਾਘਾਯੋਗ ਬਣਦੀ ਸੇਵਾ ਨਿਭਾਈ ।