ਮਾਨਵ ਧਰਮ ਮਿਸ਼ਨ ਵੱਲੋਂ ਦੁਰਘਟਨਾ ਦੌਰਾਨ ਮਾਰੇ ਗਏ ਅਣਪਛਾਤੇ ਵਿਅਕਤੀ ਦਾ ਅੰਤਿਮ ਸਸਕਾਰ ਕੀਤਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ 2022 - ਮਾਨਵ ਧਰਮ ਮਿਸ਼ਨ ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਰੁੱਝੀ ਹੈ। ਸੰਸਥਾ ਵੱਲੋਂ ਲਾਵਾਰਿਸ ਲਾਸ਼ਾਂ ਦਾ ਦਾਹ ਸੰਸਕਾਰ ਕਰਨ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਅੱਜ ਸੰਸਥਾ ਵੱਲੋਂ ਇਕ ਹੋਰ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਬਟਾਲਾ ਰੋਡ ਦੇ ਸ਼ਮਸ਼ਾਨ ਘਾਟ ਵਿਚ ਵਿਧੀ ਵਿਧਾਨ ਨਾਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਸੁਭਾਸ਼ ਭੰਡਾਰੀ ਨੇ ਦੱਸਿਆ ਕਿ ਬਟਾਲਾ ਰੋਡ ਵਿਖੇ ਸਥਿਤ ਸ਼ਮਸ਼ਾਨ ਭੂਮੀ ਵਿਚ ਥਾਣਾ ਤਿੱਬੜ ਦੇ ਅਧੀਨ ਕੋਈ ਇੱਕ ਸੜਕ ਦੁਰਘਟਨਾ ਵਿਚ ਮਾਰੇ ਗਏ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ,ਜਿਸ ਦੀ ਲਾਸ਼ ਕਾਫ਼ੀ ਦਿਨ ਸਿਵਲ ਹਸਪਤਾਲ ਵਿਚ ਰੱਖਣ ਦੇ ਬਾਵਜੂਦ ਉਸ ਦੀ ਸ਼ਨਾਖਤ ਨਹੀਂ ਹੋ ਪਾਈ ਸੀ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇਨ੍ਹਾਂ ਲਵਾਰਿਸ ਲਾਸ਼ਾਂ ਦੇ ਦਾ ਸੰਸਕਾਰ ਦੇ ਨਾਲ-ਨਾਲ ਇਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ ਵੀ ਸਾਲ ਵਿੱਚ ਇੱਕ ਵਾਰ ਹਰਿਦੁਆਰ ਜਾ ਕੇ ਕੀਤਾ ਜਾਂਦਾ ਹੈ। ਇਸ ਦੌਰਾਨ ਲੱਕੜੀ ,ਘਿਉਂ, ਹਵਨ ਸਮੱਗਰੀ ਆਦਿ ਜਿਹੀਆਂ ਜਰੂਰੀ ਵਸਤਾਂ ਤੋਂ ਲੈ ਕੇ ਹਰਿਦੁਆਰ ਵਿਚ ਪੰਡਤ ਦਾ ਖਰਚਾ ਤੱਕ ਸੰਸਥਾ ਦੇ ਮੈਂਬਰਾਂ ਵੱਲੋਂ ਹੀ ਚੁੱਕਿਆ ਜਾਂਦਾ ਹੈ ਤਾਂ ਜੋ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਪਿਛਲੇ ਦਸ ਸਾਲ ਵਿੱਚ ਹੁਣ ਤੱਕ ਲਗਭਗ ਦੋ ਹਜ਼ਾਰ ਦੇ ਕਰੀਬ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਅਤੇ ਅਸਥੀਆਂ ਦਾ ਵਿਸਰਜਨ ਸੰਸਥਾ ਦੇ ਮੈਂਬਰਾਂ ਵੱਲੋਂ ਕੀਤਾ ਜਾ ਚੁੱਕਿਆ ਹੈ।
ਇਸ ਮੌਕੇ ਰਾਜ ਕੁਮਾਰ ਮਹਾਜਨ ਰਾਜੂ, ਸੰਦੀਪ ਅਬਰੋਲ ਲੱਕੀ, ਵਰੁਣ ਮਰਵਾਹਾ ਮਿੱਠੂ, ਕੇਵਲ, ਜਤਿੰਦਰ, ਰਾਜੂ ਅਤੇ ਬੰਟੀ ਆਦਿ ਵੀ ਹਾਜਰ ਸਨ।