ਬਲੱਡ ਡੋਨਰਜ਼ ਸੁਸਾਇਟੀ ਦੇ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਕੀਤਾ ਖੂਨਦਾਨ
ਰੋਹਿਤ ਗੁਪਤਾ
ਗੁਰਦਾਸਪੁਰ 28 ਜੂਨ 2022
ਥੋੜੇ ਹੀ ਸਮੇਂ ਵਿੱਚ ਜ਼ਿਲ੍ਹੇ ਭਰ ਵਿੱਚ ਅਲੱਗ ਪਹਿਚਾਣ ਬਣਾਉਣ ਵਾਲੀ ਟੀਮ ਬਲੱਡ ਡੋਨਰਜ਼ ਸੁਸਾਇਟੀ ਆਪਣੇ ਵਿਲੱਖਣ ਕੰਮਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਟੀਮ ਦੇ ਦੋ ਮੈਂਬਰਾਂ ਸੁਭਾਸ਼ ਕੁਮਾਰ ਅਤੇ ਗੁਰਦਿਆਲ ਚੰਦ ਜੋ ਕਿ ਕਿੱਤੇ ਵਜੋਂ ਦੋਵੇਂ ਅਧਿਆਪਕ ਹਨ ਅਤੇ ਅੱਜ ਇਨ੍ਹਾਂ ਦੇ ਬੱਚਿਆਂ ਦੇ ਜਨਮ ਦਿਨ ਹੈ।
ਅੱਜ ਸੁਭਾਸ਼ ਕੁਮਾਰ ਨੇ ਆਪਣੇ ਬੇਟੇ ਅਤੇ ਗੁਰਦਿਆਲ ਚੰਦ ਨੇ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਖੂਨਦਾਨ ਕਰਕੇ ਸਮਾਜ ਅੰਦਰ ਇੱਕ ਵਿਲਖਣ ਪਿਰਤ ਪਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੇ ਪ੍ਰਧਾਨ ਪ੍ਰੇਮ ਠਾਕੁਰ ਅਤੇ ਸੀਨੀਅਰ ਮੀਤ ਪ੍ਰਧਾਨ ਮੰਨੂੰ ਸ਼ਰਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਡੀ ਟੀਮ ਦੇ ਸਾਰੇ ਮੈਂਬਰ ਇੱਕ ਪਰਿਵਾਰ ਦੇ ਤੌਰ ਤੇ ਕੰਮ ਕਰਦੇ ਹਨ ਅਤੇ ਹਰ ਗਮੀਂ ਅਤੇ ਖੁਸ਼ੀ ਤੇ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋ ਜਾਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਗਿਆ ਕਿ ਸਾਡੀ ਟੀਮ ਵੱਲੋਂ ਇਸ ਵਾਰ ਲਗਾਇਆ ਗਿਆ ਮੈਗਾ ਖ਼ੂਨਦਾਨ ਕੈਂਪ ਨੇ ਉੱਤਰ ਭਾਰਤ ਵਿੱਚ ਇੱਕ ਵੱਖਰਾ ਰਿਕਾਰਡ ਕੀਤਾ ਹੈ ਜਿਸ ਵਿੱਚ 8 ਰਾਜਾਂ ਦੇ ਖੂਨਦਾਨੀਆਂ ਨੇ ਭਾਗ ਲਿਆ ਸੀ।