ਫ਼ਤਹਿਗੜ੍ਹ ਸਾਹਿਬ: ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਮੁਹਿੰਮ ਤਹਿਤ ਪਿੰਡ ਖੇੜੀ ਬੀਰ ਸਿੰਘ ਅੱਵਲ
ਦੀਦਾਰ ਗੁਰਨਾ
- ਪਿੰਡ ਨੂੰ 01 ਲੱਖ ਰੁਪਏ ਇਨਾਮ ਦੇਣ ਦੀ ਸਿਫਾਰਿਸ਼
- ਮੁਹਿੰਮ ਵਿਚ 79 ਪਿੰਡਾਂ ਨੇ ਲਿਆ ਸੀ ਭਾਗ
ਫ਼ਤਹਿਗੜ੍ਹ ਸਾਹਿਬ/ ਬੱਸੀ ਪਠਾਣਾਂ, 28 ਜੂਨ 2022 - ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਮੁਹਿੰਮ ਤਹਿਤ 100 ਨੰਬਰਾਂ ਵਿਚੋਂ 95 ਨੰਬਰ ਲੈਕੇ ਬਲਾਕ ਬੱਸੀ ਪਠਾਣਾਂ ਦੇ ਪਿੰਡ ਖੇੜੀ ਬੀਰ ਸਿੰਘ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਪਿੰਡਾਂ ਵਿਚੋਂ ਸਭ ਤੋਂ ਵੱਧ ਸਾਫ ਸੁੱਥਰਾ ਪਿੰਡ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਤਹਿਤ ਜ਼ਿਲ੍ਹਾ ਪੱਧਰੀ ਚੋਣ ਕਮੇਟੀ ਨੇ ਜੇਤੂ ਪਿੰਡ ਨੂੰ 01 ਲੱਖ ਰੁਪਏ ਇਨਾਮ ਦੇਣ ਦੀ ਸਿਫਾਰਿਸ਼ ਕੀਤੀ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸਾਂਝੀ ਕੀਤੀ।
ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਪਿੰਡ ਨੰਗਲਾਂ ਤੇ ਸੱਦੋਮਾਜਰਾ ਨੇ 74-74 ਨੰਬਰ ਲਏ ਹਨ ਤੇ ਇਸੇ ਤਰ੍ਹਾਂ ਲੱਲੋਂ ਖੁਰਦ ਤੇ ਸੌਂਟੀ ਨੇ 62-62 ਨੰਬਰ ਪ੍ਰਾਪਤ ਕੀਤੇ ਤੇ ਚਨਾਰਥਲ ਖੁਰਦ ਨੇ 52 ਨੰਬਰ ਲਏ ਹਨ। ਜ਼ਿਕਰਯੋਗ ਹੈ ਕਿ ਹਿੱਸਾ ਲੈਣ ਵਾਲੇ 79 ਪਿੰਡਾਂ ਵਿਚੋਂ ਬਲਾਕ ਪੱਧਰੀ ਕਮੇਟੀਆਂ ਨੇ 06 ਪਿੰਡਾਂ ਦੀ ਚੋਣ ਕੀਤੀ ਸੀ।
ਚੋਣ ਕਰਨ ਲਈ ਜਿਹੜੇ ਮਾਪ ਦੰਡ ਅਪਣਾਏ ਗਏ ਉਹਨਾਂ ਵਿੱਚ ਘਰਾਂ, ਆਂਗਨਵਾੜੀ ਤੇ ਸਕੂਲਾਂ ਵਿੱਚ ਪਖਾਨੇ, ਠੋਸ ਕੂੜੇ ਦੇ ਪ੍ਰਬੰਧਨ, ਗੰਦੇ ਪਾਣੀ ਦੇ ਪ੍ਰਬੰਧਨ, ਪਲਾਸਟਿਕ ਕੂੜੇ ਨੂੰ ਵੱਖੋ ਵੱਖ ਕਰਨਾ, ਪਿੰਡਾਂ ਵਿਚ 05 ਜਨਤਕ ਥਾਵਾਂ ਦੀ ਸਾਫ ਸਫਾਈ, ਪਿੰਡਾਂ ਵਿਚ ਪਾਣੀ ਖੜ੍ਹਾ ਨਾ ਹੋਣਾ, ਖੁੱਲ੍ਹੇ ਵਿਚ ਸ਼ੋਚ ਮੁਕਤ ਸਬੰਧੀ ਵਾਲ ਪੇਂਟਿੰਗਸ ਅਤੇ ਸਵੱਛ ਸਰਵੇਖਣ ਸਬੰਧੀ ਪੇਂਟਿੰਗ ਜਿਹੇ ਮਾਪਦੰਡ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਵੱਖ ਵੱਖ ਪਿੰਡਾਂ ਵਿਚ ਅਧੂਰੇ ਵਿਕਾਸ ਪ੍ਰੋਜੈਕਟ ਜਲਦ ਤੋਂ ਜਲਦ ਪੂਰੇ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਰਭਿੰਦਰ ਸਿੰਘ, ਜਸਿੰਦਰ ਸਿੰਘ ਐਕਸੀਅਨ ਜਲ ਸਪਲਾਈ, ਕੁਲਵੰਤ ਚੌਧਰੀ ਐਸ ਡੀ ਓ ਜਲ ਸਪਲਾਈ, ਸਹਾਇਕ ਸਿਵਲ ਸਰਜਨ ਸਵਪਨ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਸੁਚਿੰਦਰ ਸਿੰਘ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਮੇਟੀ ਮੈਂਬਰ ਹਾਜ਼ਰ ਸਨ।