ਧਰਨਾ 98ਵੇਂ ਦਿਨ ਵੀ ਰਿਹਾ ਜਾਰੀ, "ਆਪ" ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ - ਦਸਮੇਸ਼ ਕਿਸਾਨ ਯੂਨੀਅਨ
ਦੀਪਕ ਜੈਨ
ਜਗਰਾਉਂ 28 ਜੂਨ 2022 - ਪੰਜਾਬ 'ਚ ਹਾਲ਼ੀਆ ਪਹਿਲੀ ਵਾਰ ਬਣੀ ਆਮ ਅਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ 3 ਕੁ ਮਹੀਨਿਆਂ ਵਿੱਚ ਹੀ ਆਮ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਇਹ ਵਿਚਾਰ ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਲੋਕਲ ਪਿੰਡ ਪ੍ਰਧਾਨ ਸੁਰਜੀਤ ਸਿੰਘ ਸਬੱਦੀ ਤੇ ਪ੍ਰਦੀਪ ਸ਼ਰਮਾ ਸਬੱਦੀ ਨੇ ਕਹੇ । ਜੱਥੇਬੰਦੀਅਾਂ ਵਲੋਂ ਅੱਜ 98ਵੇਂ ਦਿਨ ਵੀ ਧਰਨਾ ਲਗਾਇਆ ਗਿਆ।
ਜ਼ਿਕਰਯੋਗ ਹੈ ਕਿ ਇਲਾਕੇ ਦੀਆਂ ਇਨਸਾਫ਼ਪਸੰਦ ਧਿਰਾਂ ਵਲੋਂ 23 ਮਾਰਚ ਤੋਂ ਸਥਾਨਕ ਥਾਣਾ ਸਿਟੀ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਆਗੂਆਂ ਦੇ ਕਹਿਣ ਮੁਤਾਬਿਕ ਪੁਲਿਸ ਪ੍ਰਸਾਸ਼ਨ ਲੰਬੇ ਸਮੇਂ ਤੋਂ ਲਟਕਦੇ ਮਾਮਲੇ ਜਾਣਬੁੱਝ ਕੇ ਹੱਲ਼ ਨਹੀਂ ਕਰ ਰਿਹਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮੇ ਦੇ ਮੁੱਖ ਦੋਸ਼ੀ ਥਾਣਾਮੁਖੀ ਗੁਰਿੰਦਰ ਬੱਲ ਦੀ ਅਗਵਾਈ 'ਚ ਏ.ਐਸ.ਆਈ.ਰਾਜਵੀਰ ਨੇ ਆਤਮਹੱਤਿਆ ਦੇ ਕੇਸ ਨੂੰ ਇੱਕ ਸਾਲ ਬਾਦ ਸਾਜਿਸ਼ ਤਹਿਤ ਕਤਲ਼ ਕੇਸ ਬਣਾਉਣੇ ਹੋਏ ਫਰਜ਼ੀ ਗਵਾਹ ਬਣਾ ਕੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੂੰ ਅੱਧੀ ਕੁ ਰਾਤ ਨੂੰ ਪਿੰਡ ਰਸੂਲਪੁਰੋਂ ਕੰਧਾਂ ਟੱਪ ਕੇ ਘਰੋਂ ਜ਼ਬਰਦਸਤੀ ਅਗਵਾ ਕਰਕੇ, ਥਾਣੇ ਵਿੱਚ ਲਿਆ ਕੇ ਕੁਲਵੰਤ ਕੌਰ ਰਸੂਲਪੁਰ ਨੂੰ ਥਰਡ ਡਿਗਰੀ ਤਸੀਹੇ ਦਿੱਤੇ ਅਤੇ ਬਿਜਲ਼ੀ ਦਾ ਕਰੰਟ ਵੀ ਲਗਾਇਆ ਸੀ।
ਫਿਰ ਇਸ ਘਿਓਣੇ ਅੱਤਿਆਚਾਰ ਨੂੰ ਛੁਪਾਉਣ ਲਈ ਉਸ ਨੂੰ ਝੂਠੇ ਕਤਲ਼ ਵਿੱਚ ਫਸਾ ਕੇ ਜੇਲ਼ ਡੱਕ ਦਿੱਤਾ ਸੀ। ਥਾਣਾਮੁਖੀ ਵਲੋਂ ਦਿੱਤੇ ਤਸੀਹਿਆਂ ਕਾਰਨ ਕੁਲਵੰਤ ਕੌਰ ਰਸੂਲਪੁਰ ਕਰੀਬ 15 ਸਾਲ ਸਰੀਰਿਕ ਤੌਰ ਤੇ ਨਕਾਰਾ ਪਈ ਰਹੀ ਅੰਤ ਲੰਘੀ10 ਦਸੰਬਰ ਨੂੰ ਫੌਤ ਹੋ ਗਈ ਸੀ। ਪੁਲਿਸ ਪ੍ਰਸਾਸ਼ਨ ਨੇ ਉਸ ਦੇ ਬਿਆਨਾਂ ਤੇ ਚਾਰ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਦੋਸ਼ੀਆਂ ਗਿ੍ਫ਼ਤਾਰ ਨਹੀਂ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਪਹੁੰਚੇ ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਅਵਤਾਰ ਸਿੰਘ ਠੇਕੇਦਾਰ ਨੇ ਵੀ ਗਰੀਬਾਂ ਲੋਕਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ ਹੈ।