ਐਜੂਕੇਸ਼ਨ ਨੂੰ ਮਿਆਰੀ ਬਣਾਉਣਾ ਪੰਜਾਬ ਵਕਫ਼ ਬੋਰਡ ਦੀ ਮੁੱਢਲੀ ਤਰਜੀਹ: ਲਤੀਫ ਅਹਿਮਦ ਥਿੰਦ ਸੀ.ਈ.ਓ
- ਅਧਿਆਪਕ ਵਰਗ ਵਿਦਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਤਕਨੀਕ ਨੂੰ ਜਾਣਨ ਦਾ ਹੁਨਰ ਸਿੱਖਣ
- ਵਿਦਿਆਰਥੀ ਇਕ ਟੀਚਾ ਮਿੱਥਕੇ ਉਸ ਦੇ ਅਨੁਸਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ--ਕੌਸਲਰ ਅਮੀਨ ਏ ਮੁਦੱਸਿਰ
- ਪੰਜਾਬ ਵਕਫ਼ ਬੋਰਡ ਵੱਲੋਂ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਸਫਲਤਾ ਪੂਰਵਕ ਯਾਦਗਾਰੀ ਹੋ ਨਿੱਬੜਿਆ
- ਗਾਈਡੈਂਸ ਪ੍ਰੋਗਰਾਮ ਵਿਚ ਇੱਕ ਹਜ਼ਾਰ ਦੇ ਕਰੀਬ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਲਿਆ ਹਿੱਸਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 5 ਅਗਸਤ 2022 - ਕੌਮਾ ਦਾ ਭਵਿੱਖ ਮਿਆਰੀ ਤਾਲੀਮ ਨਾਲ ਜੁੜਿਆ ਹੋਇਆ ਹੈ, ਐਜੂਕੇਸ਼ਨ ਨੂੰ ਮਿਆਰੀ ਬਣਾਉਣਾ ਪੰਜਾਬ ਵਕਫ ਬੋਰਡ ਦੀ ਮੁੱਢਲੀ ਤਰਜੀਹ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਨਾਬ ਲਤੀਫ ਅਹਿਮਦ ਥਿੰਦ ਚੀਫ਼ ਐਗਜ਼ੈਕਟਿਵ ਆਫੀਸਰ ਨੇ ਪੰਜਾਬ ਞਕਫ਼ ਬੋਰਡ ਕਮ ਏ.ਡੀ.ਸੀ ਸੰਗਰੂਰ ਨੇ ਸਕੂਲਾਂ ਲਈ ਰਾਣੀ ਮਹਿਲ ਵਿਖੇ ਆਯੋਜਿਤ ਇਕ ਕੈਰੀਅਰ ਗਾਈਡੈਂਸ ਪ੍ਰੋਗਰਾਮ ਵਿੱਚ ਬੋਲਦਿਆਂ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਨਵੀਂ ਸੇਧ ਦੇਣ ਲਈ ਅਜਿਹੇ ਪ੍ਰੋਗਰਾਮ ਕਰਦੇ ਰਹਾਂਗੇ। ਉਨਾਂ ਅਧਿਆਪਕ ਵਰਗ ਨੂੰ ਬੇਨਤੀ ਕੀਤੀ ਕਿ ਵਿਦਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਤਕਨੀਕ ਨੂੰ ਜਾਣਨ ਦਾ ਹੁਨਰ ਸਿੱਖਣ।
ਪੰਜਾਬ ਵਕਫ਼ ਬੋਰਡ ਵਲੋਂ ਦਸਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਕੈਰੀਅਰ ਗਾਈਡੈਂਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਡਾ.ਮੁਹੰਮਦ ਰਮਜ਼ਾਨ ਚੌਧਰੀ ਅਤੇ ਮਾਸਟਰ ਅਬਦੁਲ ਹਮੀਦ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਕੌਂਸਲਰ ਅਮੀਨ ਏ ਮੁਦੱਸਿਰ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਡੇਢ ਘੰਟੇ ਤੀਕਰ ਚੱਲੇ ਦੂਜੇ ਸੈਸ਼ਨ ਵਿਚ ਦਸਵੀਂ ਅਤੇ ਬਾਰਵੀਂ ਕਰਨ ਉਪਰੰਤ ਹੋਣ ਵਾਲੇ ਵੱਖ ਵੱਖ ਕੋਰਸਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ।
ਕੈਰੀਅਰ ਗਾਈਡੈਂਸ ਪ੍ਰੋਗਰਾਮ ਵਿਚ ਲਗਭਗ ਇੱਕ ਹਜ਼ਾਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੌਂਸਲਰ ਅਮੀਨ ਏ ਮੁਦੱਸਿਰ ਨੇ ਕਿਹਾ ਕਿ ਸਹੀ ਗਾਈਡੈਂਸ ਨਾ ਮਿਲਣ ਕਰਕੇ ਬਹੁਤ ਸਾਰੇ ਜ਼ਹੀਨ ਵਿਦਿਆਰਥੀ ਆਪਣੇ ਟੀਚੇ ਵਿਚ ਸਫਲ ਨਹੀਂ ਹੁੰਦੇ। ਅੰਤਰ ਰਾਸ਼ਟਰੀ ਪੱਧਰ ਦੇ ਕੈਰੀਅਰ ਗਾਈਡੈਂਸ ਕੌਂਸਲਰ ਜਨਾਬ ਅਮੀਨ ਏ ਮੁਦੱਸਿਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਹਿਲਾਂ ਇਕ ਟੀਚਾ ਮਿੱਥਿਆ ਜਾਣਾ ਚਾਹੀਦਾ ਹੈ ਫਿਰ ਉਸ ਦੇ ਅਨੁਸਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜਾਵੇ। ਪੰਜਾਬ ਵਕਫ ਬੋਰਡ ਵਲੋਂ ਤਰੱਕੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਨੂੰ ਜਨਾਬ ਜਾਵੇਦ ਖ਼ਾਨ ਡਾਇਰੈਕਟਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ।
ਇਸ ਪ੍ਰੋਗਰਾਮ ਦੇ ਤੀਜੇ ਸੈਸ਼ਨ ਵਿਚ ਪੰਜਾਬ ਵਕਫ ਬੋਰਡ ਦੇ ਕਈ ਸਕੂਲਾਂ ਦੇ ਅਧਿਆਪਕਾਂ ਅਤੇ ਅਧਿਆਪਕਾਵਾਂ ਨੇ ਸ਼ਿਰਕਤ ਕੀਤੀ। ਇਸ ਸੈਸ਼ਨ ਨੂੰ ਵੀ ਜਨਾਬ ਅਮੀਨ ਏ ਮੁਦੱਸਿਰ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਸਵਾਲ ਜਵਾਬ ਦਾ ਸਿਲਸਿਲਾ ਵੀ ਹੋਇਆ ਅਤੇ ਕਈ ਅਧਿਆਪਕਾਂ ਨੇ ਆਪਣੇ ਵਿਚਾਰ ਵੀ ਰੱਖੇ। ਆਖ਼ਰੀ ਸੈਸ਼ਨ ਵਿਚ ਜਨਾਬ ਲਤੀਫ ਅਹਿਮਦ ਥਿੰਦ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਤਾਲੀਮੀ ਖੇਤਰ ਵਿੱਚ ਅਹਿਮ ਭੁਮਿਕਾ ਅਦਾ ਕਰਨ ਲਈ ਪ੍ਰੇਰਿਤ ਕੀਤਾ। ਜਨਾਬ ਲਤੀਫ ਅਹਿਮਦ ਥਿੰਦ ਦੇ ਧੰਨਵਾਦ ਕਰਨ ਉਪਰੰਤ ਇਤਿਹਾਸਕ ਕੈਰੀਅਰ ਗਾਈਡੈਂਸ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ ਹੋਇਆ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਵਕਫ ਬੋਰਡ ਦੇ ਉਚ-ਅਫਸਰ ਸਾਹਿਬਾਨ ਸਮੇਤ ਸਕੂਲਾਂ ਦੇ ਪ੍ਰਿੰਸੀਪਲ, ਹੈਡਮਾਸਟਰ ਅਤੇ ਇੰਚਾਰਜ ਸਾਹਿਬਾਨ ਵੀ ਸ਼ਾਮਿਲ ਰਹੇ।
ਇਸ ਪ੍ਰੋਗਰਾਮ ਵਿੱਚ ਜਨਾਬ ਸਿਰਾਜ ਅਹਿਮਦ, ਪੰਜਾਬ ਵਕਫ ਬੋਰਡ ਦੇ ਐਜੂਕੇਸ਼ਨ ਡਿਵੈਲਪਮੈਂਟ ਅਫਸਰ ਮੈਡਮ ਆਮਨਾ, ਪ੍ਰਿੰਸੀਪਲ ਮੁਹੰਮਦ ਜਮੀਲ, ਪ੍ਰਿੰਸੀਪਲ ਸਬਾ ਸ਼ਾਹੀਨ, ਪ੍ਰਿੰਸੀਪਲ ਇਲਿਆਸ ਅਨਸਾਰੀ, ਪ੍ਰਿੰਸੀਪਲ ਜਾਵੇਦ, ਜਨਾਬ ਸਾਜਿਦ ਇਸਹਾਕ, ਜਨਾਬ ਅਨਸ ਅਲਤਾਫ ਅਤੇ ਮੁਹੰਮਦ ਅਸ਼ਰਫ਼ ਵੀ ਖਾਸ ਤੌਰ 'ਤੇ ਸ਼ਾਮਿਲ ਰਹੇ।