ਮਿਡਲ ਸਕੂਲ ਕਰਮਜੀਤਪੁਰ ਤੀਆਂ ਤਿਉਹਾਰ ਮਨਾਇਆ ਗਿਆ
ਔਰਤਾਂ ਨੇ ਬੱਚਿਆਂ ਨਾਲ ਪੀਂਗਾ ਝੂਟ ਮਨਾਇਆ ਤਿਉਹਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 5 ਅਗਸਤ 2022 ਸਰਕਾਰੀ ਮਿਡਲ ਸਕੂਲ ਕਰਮਜੀਤ ਪੁਰ ਵਿਖੇ ਮਾਸਟਰ ਨਰੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ। ਮੁੱਖ ਮਹਿਮਾਨ ਵਜੋਂ ਉੱਘੀ ਸਮਾਜ ਸੇਵਿਕਾ ਮੈਡਮ ਹਰਜੀਤ ਕੌਰ ਨੇ ਸ਼ਿਰਕਤ ਕੀਤੀ, ਜਦੋਂ ਕਿ ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਅਮਨਦੀਪ ਕੌਰ, ਨਵਜੋਤ ਕੌਰ, ਰੁਪਿੰਦਰ ਕੌਰ ਅਤੇ ਕੰਚਨ ਤੋਂ ਇਲਾਵਾ ਪ੍ਰਭਜੋਤ ਸਿੰਮੀ, ਕਮਲਜੀਤ ਕੋਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਬੋਹੜ ਹੇਠ ਬਣੇ ਸਟੇਜ ’ਤੇ ਡਾਂਸ ਕਰਕੇ ਖੂਬ ਸਮਾਂ ਬੰਨ੍ਹਿਆ। ਮੰਚ ਸੰਚਾਲਨ ਅੱਠਵੀਂ ਜਮਾਤ ਦੇ ਵਿਦਿਆਰਥਣ ਪ੍ਰਵੀਨ ਨੇ ਕੀਤਾ। ਸਕੂਲ ਦੇ ਵਿਹੜੇ ਵਿੱਚ ਉਤਸਵ ਦਾ ਮਾਹੌਲ ਸੀ,
ਸਵੇਰ ਤੋਂ ਹੀ ਬੱਚੇ ਅਤੇ ਔਰਤਾਂ ਪੀਂਗਾਂ ਝੁਟਦੀਆਂ ਵੇਖਿਆਂ ਗਈਆਂ। ਔਰਤਾਂ ਨੇ ਇੱਕ ਦੂਜੇ ਨੂੰ ਝੂਟੇ ਦਿੰਦੇ ਹੋਏ ਪੰਜਾਬੀ ਲੋਕ ਗੀਤ ਗਾ ਕੇ ਮੇਲੇ ਦਾ ਆਨੰਦ ਮਾਣਿਆ। ਸਮਾਗਮ ਵਿੱਚ ਸਜਧਜ ਕੇ ਪੁੱਜੀਆਂ ਸਾਬਕਾ ਵਿਦਿਆਰਥਣਾਂ ਦਾ ਸਵਾਗਤ ਬੂਟਿਆਂ ਦੇ ਤੋਹਫੇ ਨਾਲ ਹੋਇਆ। ਇਹ ਪੌਦੇ ਸਕੂਲ ਦੀ "ਮਾਤਾ ਸੁਲੱਖਣੀ ਜੀ ਨਰਸਰੀ" ਵਿੱਚ ਅਧਿਆਪਕਾਂ ਵੱਲੋਂ ਖੁਦ ਤਿਆਰ ਕੀਤੇ ਗਏ ਸਨ। ਹਰਿਆਲੀ ਨਾਲ ਭਰੇ ਸਕੂਲ ਦੇ ਵਿਹੜੇ ਵਿੱਚ ਮਹਿਮਾਨਾਂ ਨੂੰ ਸ਼ੁੱਧ ਹਵਾ ਦਾ ਤੋਹਫ਼ਾ ਦੇਣ ਵਾਲੇ ਕੁਦਰਤ ਦੇ ਉਪਾਸਕ ਮਨੋਜ ਬੱਬਲ ਸ਼ਰਮਾ ਅਤੇ ਨਰੇਸ਼ ਕੋਹਲੀ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਹੁਣ ਤੱਕ 51 ਹਜ਼ਾਰ ਪੌਦੇ ਤਿਆਰ ਕਰਕੇ ਵੰਡੇ ਜਾ ਚੁੱਕੇ ਹਨ। ਖ਼ੂਬਸੂਰਤੀ ਦੇ ਲਿਬਾਸ ਵਿੱਚ ਲਿਪਟੇ ਸਕੂਲ ਵੇਹੜੇ ਚ' ਮੌਸਮ ਵੀ ਸੁਹਾਵਣੀ ਚੁਨਰੀ ਲੈ ਚਲਾ ਆਇਆ। ਠੰਡੀਆਂ ਹਵਾਵਾਂ ਮੌਜ-ਮਸਤੀ ਵਿਚ ਝੂਮ ਰਹੀਆਂ ਔਰਤਾਂ, ਧੀਆਂ-ਭੈਣਾਂ ਦਾ ਉਤਸ਼ਾਹ ਵਧਾਉਂਦੀਆਂ ਰਹੀਆਂ।
ਕਾਲੀਆ ਘਟਾਵਾਂ ਹੇਠ ਮਨਾਏ ਗਏ ਤੀਆਂ ਦੇ ਤਿਉਹਾਰ ਦਾ ਖੂਬਸੂਰਤ ਨਜ਼ਾਰਾ ਦੇਖਣਯੋਗ ਸੀ। ਕੀ ਬੱਚਾ, ਕੀ ਜਵਾਨ, ਕੀ ਔਰਤਾਂ, ਹਰ ਕੋਈ ਪੀਂਗਾ ਵੱਲ ਵੱਲ ਖਿੱਚਿਆ ਚੱਲਿਆ ਆ ਰਿਹਾ ਸੀ।
ਵਿਦਿਆਰਥਣਾ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਵਾਂ ਵੀ ਪੀਂਗਾ ਝੁੱਟਣ ਦੇ ਮਾਮਲੇ ਵਿੱਚ ਪਿੱਛੇ ਨਹੀਂ ਰਹੀਆਂ। ਸਕੂਲ ਮੁੱਖੀ ਨਰੇਸ਼ ਕੋਹਲੀ ਨੇ ਦੱਸਿਆ ਕਿ ਤੀਆਂ ਹਰ ਚੀਜ਼ ਵਿੱਚ ਹਰਿਆਵਲ ਦਾ ਤਿਉਹਾਰ ਹੈ। ਇਸ ਦਿਨ ਪੀਂਗਾ ਦਾ ਆਨੰਦ ਅਤੇ ਵੱਖ ਵੱਖ ਪਕਵਾਨ ਖਾ ਕੇ ਜਸ਼ਨ ਮਨਾਏ ਜਾਂਦੇ ਹਨ। ਉਹਨਾਂ ਕਿਹਾ ਕਿ ਸਾਰੇ ਤਿਉਹਾਰਾਂ ਦਾ ਆਪਣਾ-ਆਪਣਾ ਮਹੱਤਵ ਹੈ, ਜੋ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।
ਮੁੱਖ ਮਹਿਮਾਨ ਅਤੇ ਅਧਿਆਪਕਾਂ ਨੇ ਸਾਬਕਾ ਵਿਦਿਆਰਥਣਾ ਨਾਲ ਗਿੱਧਾ ਪਾ ਕੇ ਸਮਾਗਮ ਵਿੱਚ ਨਵੀਂ ਰੂਹ ਫੂਕੀ। ਆਂਗਣਵਾੜੀ ਸੈਂਟਰ ਦੀਆਂ ਹੈਲਪਰਾਂ ਅਤੇ ਮਿਡ ਡੇ ਮੀਲ ਗਰੁੱਪ ਦੀਆਂ ਬੀਬੀਆਂ ਨੇ ਪੰਜਾਬੀ ਪਕਵਾਨਾਂ ਨੂੰ ਸਵਾਦ ਦੇ ਤੜਕੇ ਲਗਾ ਸਮਾਗਮ ਨੂੰ ਹੋਰ ਲਜੀਜ਼ ਬਣਾ ਦਿੱਤਾ । ਖੀਰ ਪੁਰੀ ਅਤੇ ਖਾਣ-ਪੀਣ ਦੇ ਪਕਵਾਨ ਮੁੱਖ ਤੌਰ 'ਤੇ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ਵਿੱਚ ਡਾਂਸ ਮੁਕਾਬਲੇ, ਲੋਕ ਗੀਤ ਮੁਕਾਬਲੇ, ਸਜਾਵਟ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੀਨੀਅਰ ਸਮਾਜ ਸੇਵੀ ਮੈਡਮ ਹਰਜੀਤ ਕੌਰ ਨੇ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦੀ ਪਛਾਣ ਹਨ | ਤਿਉਹਾਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਤੀਆਂ ਦਾ ਤਿਉਹਾਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ, ਪ੍ਰੋਗਰਾਮ ਇੰਚਾਰਜ ਮੈਡਮ ਸੁਮਨ ਲਤਾ, ਸੁਮਨਦੀਪ ਕੌਰ ਅਤੇ ਪੂਜਾ ਚੁੱਘ ਹੈੱਡ ਟੀਚਰ ਅਸ਼ਵਨੀ ਕੁਮਾਰ, ਰਮਨ ਮੋਖੇ ਹਾਜ਼ਰ ਸਨ।