12 ਅਗਸਤ ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਕਾਫ਼ਲੇ ਬੰਨ੍ਹ ਸ਼ਾਮਿਲ ਹੋਣਗੇ: ਡਾ ਰਜਿੰਦਰ ਪਾਲ
ਦਲਜੀਤ ਕੌਰ ਭਵਾਨੀਗੜ੍ਹ
ਬਰਨਾਲਾ, 09 ਅਗਸਤ, 2022: ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਮਹਿਲਕਲਾਂ ਲੋਕ ਘੋਲ ਦੇ 25 ਸਾਲ ਪੂਰੇ ਹੋਣ ਮੌਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ ਵਿਲੱਖਣ ਢੰਗ ਨਾਲ ਮਨਾਉਣ ਲਈ ਤਿਆਰੀਆਂ ਪੂਰੇ ਜੋਰਾਂ 'ਤੇ ਹਨ।
ਇਸ ਦੀਆਂ ਤਿਆਰੀਆਂ ਸੰਬੰਧੀ ਅੱਜ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਹਿਯੋਗ ਨਾਲ ਸੰਗਰਾਮੀ ਪਿੰਡ ਸੁਖਪੁਰਾ ਵਿਖੇ ਚੇਤਨਾ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਡਾ. ਰਜਿੰਦਰ ਪਾਲ, ਡਾ. ਸੁਖਵਿੰਦਰ ਸਿੰਘ, ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਆਦਿ ਬੁਲਾਰਿਆਂ ਨੇ ਇਸ ਸਾਂਝੇ ਲੋਕ ਘੋਲ ਦੇ ਇਤਿਹਾਸਕ ਤਜ਼ਰਬੇ ਨੂੰ ਸੰਭਾਲਣ, ਸਿੱਖਣ ਤੇ ਇਸਦੇ ਸਬਕਾਂ ਨੂੰ ਅੱਜ ਦੀਆਂ ਸਮਾਜਿਕ ਚਣੌਤੀਆਂ ਨਾਲ ਨਜਿੱਠਣ ਦੀ ਮਹੱਤਤਾ ਬਾਰੇ ਚੇਤੰਨ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਜ਼ਬਰ ਜ਼ੁਲਮ ਖਿਲਾਫ ਉੱਠੀਆਂ ਲਹਿਰਾਂ ਦਾ ਇਤਿਹਾਸ ਕਿਉਂ ਸਾਂਭਣ ਦੀ ਲੋੜ ਹੈ ਤੇ ਸ਼ਹੀਦਾਂ ਦੇ ਦਿਨ ਕਿਉਂ ਮਨਾਉਣੇ ਚਾਹੀਦੇ ਹਨ ਇਸ ਗੱਲ ਦਾ ਤੇ ਬੋਲਦੇ ਹੋਏ ਨੇ ਕਿਹਾ ਕਿ ਲਹਿਰਾਂ ਵਿੱਚ ਕੁੱਦਣ ਵਾਲੇ ਤੇ ਸ਼ਹੀਦ ਹੋਣ ਵਾਲੇ ਇਨਸਾਫਪਸੰਦ ਲੋਕਾਂ ਨੇ ਆਪਣੇ ਜੋ ਸੋਹਣਾ ਸਮਾਜ ਸਿਰਜਣ ਦੇ ਸੁਪਨੇ ਦੇਖੇ ਸਨ ਜੋਕਿ ਅਜੇ ਤੱਕ ਪੂਰੇ ਨਹੀਂ ਹੋਏ, ਅੱਜ ਵੀ ਵੱਧ ਰਹੀ ਲੁੱਟ, ਗੈਰ ਬਰਾਬਰਤਾ, ਔਰਤਾਂ ਤੇ ਜ਼ਬਰ ਸਾਥੋਂ ਮੰਗ ਕਰਦੇ ਹਨ ਕਿ ਅਸੀਂ ਵਾਰ ਵਾਰ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਵਿਚਾਰਾਂ ਤੇ ਗੰਭੀਰਤਾਂ ਨਾਲ ਵਿਚਾਰ ਵਟਾਂਦਰੇ ਕਰੀਏ ਤਾਂ ਕਿ ਲੁੱਟ, ਜ਼ਬਰ ਤੇ ਦਾਬਾ ਮੁਕਤ ਸਮਾਜ ਸਿਰਜ ਸਕੀਏ ਇਹੋ ਉਨ੍ਹਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ ਤੇ ਇਹ ਸਾਡਾ ਅਸਲ ਸਰਮਾਇਆ ਹਨ ਇਹਨਾਂ ਦੇ ਵਿਚਾਰਾਂ ਨੂੰ ਸਾਂਭਣਾ ਸਾਡਾ ਚੇਤੰਨ ਲੋਕਾਂ ਦਾ ਕਾਰਜ ਹੈ।
ਇਸ ਮੀਟਿੰਗ ਵਿੱਚ ਖੁਸ਼ਮੰਦਰਪਾਲ, ਜਸਪਾਲ ਚੀਮਾ, ਜੱਗ ਸਿੰਘ ਆਦਿ ਆਗੂਆਂ ਨੇ ਔਰਤਾਂ ਵਿਰੁੱਧ ਜ਼ਬਰ ਦੇ ਖ਼ਿਲਾਫ਼ ਔਰਤਾਂ ਨੂੰ ਚੇਤਨ ਹੋਣ ਤੇ ਜਥੇਬੰਦ ਹੋਣ ਦਾ ਸੁਨੇਹਾ ਦਿੱਤਾ। ਇਸ ਮੀਟਿੰਗ ਦੌਰਾਨ ਲੋਕ ਗਾਇਕ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਆਖਰ ਵਿੱਚ ਹਰਪਾਲ ਪਾਲੀ ਨੇ ਆਏ ਹੋਏ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਪਿੰਡ ਸੁਖਪੁਰਾ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਬੀਕੇਯੂ ਏਕਤਾ ਡਕੌਂਦਾ ਨੇ ਸਭਨਾਂ ਦਾ ਧੰਨਵਾਦ ਵੀ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਸ਼ਰਧਾਂਜਲੀ ਸਮਾਗਮ ਵਿੱਚ ਹਰ ਪੱਖੋਂ ਤਿਆਰੀ ਕਰਕੇ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕਰਨਗੇ।