ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਹਰ ਬੁੱਧਵਾਰ ਨੂੰ ਪੈਨਸ਼ਨ ਸੁਵਿਧਾ ਲਈ ਕੈਂਪ ਆਯੋਜਿਤ
ਹਰੀਸ਼ ਕਾਲੜਾ
ਰੂਪਨਗਰ, 09 ਅਗਸਤ 2022: ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਰਾਜ ਦੇ ਸਮੂਹ ਜਿਲ੍ਹਿਆਂ ਵਿੱਚ ਹਰ ਬੁੱਧਵਾਰ ਦੋ ਮਹੀਨਿਆਂ ਲਈ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾਣ ਦੇ ਹੁਕਮ ਦਿੱਤੇ ਗਏ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਰੂਪਨਗਰ ਜਿਲ੍ਹੇ ਦੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਅੰਮ੍ਰਿਤ ਬਾਲਾ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਕੀਤੇ ਗਏ।
ਉਨਾਂ ਕਿਹਾ ਕਿ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਤੋਂ ਪ੍ਰਾਪਤ ਸਡਿਊਲ ਅਨੁਸਾਰ 10 ਅਗਸਤ ਤੋਂ ਲਗਾਤਾਰ 28 ਸਤੰਬਰ ਤੱਕ ਹਫਤੇ ਦੇ ਹਰੇਕ ਬੁੱਧਵਾਰ ਨੂੰ ਰੂਪਨਗਰ ਜਿਲ੍ਹੇ ਦੇ ਹਰੇਕ ਬਲਾਕ ਵਿੱਚ ਪੈਨਸ਼ਨ ਸੁਵਿਧਾ ਕੈਂਪ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਦਿਵਿਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਕੈਂਪਾਂ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਪੈਂਦੇ ਪਿੰਡਾਂ ਦੀਆਂ ਸਰਕਲ ਸੁਪਵਾਈਜਰਾਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਪਿੰਡ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।