ਸ੍ਰੀ ਕ੍ਰਿਸ਼ਨ ਨੇ ਸਾਰੀਆਂ ਲੀਲਾਵਾਂ ਆਪਣੇ ਨਿਰਾਕਾਰ ਸਵਰੂਪ ਦਾ ਦਰਸ਼ਨ ਕਰਵਾਉਣ ਲਈ ਕੀਤੀਆਂ - ਸਾਧਵੀ ਗਰਿਮਾ ਭਾਰਤੀ
- ਜਨਮ ਅਸ਼ਟਮੀ ਉਤਸਵ ਤੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਕੀਤਾ ਨਿਹਾਲ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2022 - ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਤੇ ਸ੍ਰੀ ਠਾਕੁਰ ਦੁਆਰਾ ਮੰਦਰ ਕਾਦੀਆਂ ਵਿੱਚ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਸ਼ੀਸ਼ਿਆਂ ਸਾਧਵੀ ਗਰਿਮਾ ਭਾਰਤੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੇ ਪਿੱਛੇ ਲੁਕੇ ਹੋਏ ਰਹੱਸ ਨੂੰ ਪ੍ਰਗਟ ਕੀਤਾ।
ਸਾਧਵੀ ਗਰਿਮਾ ਭਾਰਤੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੋ ਪੱਧਰ ਤੇ ਘੱਟਦੀਆਂ ਹਨ-ਇਕ ਵਿਵਹਾਰਿਕ ਅਤੇ ਦੂਜੀ ਵਾਸਤਵਿਕ। ਵਿਵਹਾਰਿਕ ਲੀਲਾ ਬਾਹਰੀ ਤੌਰ ਤੇ ਸ੍ਰੀ ਕ੍ਰਿਸ਼ਨ ਵੱਲੋਂ ਰਚੀਆਂ ਗਈਆਂ ਅਤੇ ਸਾਰੇ ਗੋਕੁੱਲ ਵਾਸੀਆਂ ਦੇ ਸਾਹਮਣੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੀਤੀਆਂ। ਸੱਭ ਨੇ ਇਨ੍ਹਾਂ ਲੀਲਾਵਾਂ ਨੂੰ ਆਪਣੀ ਬਾਹਰੀ ਅੱਖਾਂ ਨਾਲ ਦੇਖਿਆ।
ਵਾਸਤਵਿਕ ਲੀਲ੍ਹਾ ਆੰਤਰਿਕ ਜਗਤ ਵਿੱਚ ਘੱਟਦੀਆਂ ਹਨ ਜਿਸ ਨੂੰ ਇੱਕ ਸਾਧਕ ਧਿਆਨ ਦੀ ਗਹਿਰਾਈਆਂ ਵਿੱਚ ਉਤਰ ਕੇ ਆਪਣੇ ਅੰਤਰ ਵਿੱਚ ਦੇਖਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸਾਕਾਰ ਰੂਪ ਵਿੱਚ ਇਸ ਧਰਤੀ ਤੇ ਆਉਣ ਦਾ ਉਦੇਸ਼ ਸਾਰੇ ਜੀਵਾਂ ਨੂੰ ਆਪਣੇ ਨਿਰਾਕਾਰ ਰੂਪ ਬਾਰੇ ਜਾਣੂ ਕਰਵਾਉਣਾ ਸੀ। ਪਰ ਅੱਜ ਇਹ ਸਾਡੇ ਸਮਾਜ ਦੀ ਵਿਡੰਬਨਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਸਿਰਫ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਿਆ ਹੈ ,ਜਿਸ ਨੂੰ ਲੋਕ ਆਪਣੇ ਮਨ ਚਾਹੇ ਢੰਗ ਨਾਲ ਮਨਾਉਂਦੇ ਹਨ। ਇਹ ਦਿਨ ਹੁਣ ਬਸ ਮੱਖਣ ਖਾਣ ਅਤੇ ਰਾਸ ਰਚਾਵਣ ਤੱਕ ਸੀਮਤ ਰਹਿ ਗਿਆ ਹੈ।
ਕ੍ਰਿਸ਼ਨ ਜਨਮਾਸ਼ਟਮੀ ਮਨਾਉਣਾ ਸਾਡੇ ਜੀਵਨ ਵਿਚ ਤਦ ਹੀ ਸਾਰਥਕ ਹੋਵੇਗਾ ਜਦੋਂ ਅਸੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵਾਸਤਵਿਕ ਰੂਪ ਨੂੰ ਆਪਣੇ ਅੰਤਰ ਜਗਤ ਵਿੱਚ ਪ੍ਰਗਟ ਕਰ ਲਵਾਂਗੇ। ਅੱਗੇ ਸਾਧਵੀ ਜੀ ਨੇ ਸਮਝਾਇਆ ਕਿ ਹੈ ਗੋਕੁਲ ਜਿਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਲੀਲਾ ਰਚਾਈਆਂ ਉਹ ਪ੍ਰਤੀਕ ਹੈ ਇਸ ਤਨ ਦਾ। ਜੇਕਰ ਗੋਕੁਲ ਸ਼ਬਦ ਨੂੰ ਤੋੜਿਆ ਜਾਵੇ ਤਾਂ ਇਸ ਦਾ ਕੀ ਅਰਥ ਹੈ? ਗੋ ਦਾ ਅਰਥ ਹੈ ਇੰਦਰੀਆਂ ਅਤੇ ਕੁੱਲ ਦਾ ਅਰਥ ਹੈ ਸਮੂਹ। ਜਿਸ ਤੋਂ ਭਾਵ ਇਹ ਹੈ ਕਿ ਹੈ ਜਦੋਂ ਸਾਡੀਆਂ ਸਾਰੀਆਂ ਇੰਦਰੀਆਂ ਪੂਰਨ ਰੂਪ ਵਿਚ ਪਰਮਾਤਮਾ ਨੂੰ ਆਪਣਾ ਉਦੇਸ਼ ਬਣਾ ਕੇ ਉਸ ਦੀ ਭਗਤੀ ਵਲ ਲੱਗ ਜਾਂਦੀਆਂ ਹਨ ਤਾਂ ਸਾਡਾ ਇਹ ਤਨ ਗੋਕੁਲ ਬਣ ਜਾਂਦਾ ਹੈ ,ਜਿਸ ਵਿੱਚ ਭਗਵਾਨ ਸਦਾ-ਸਦਾ ਲਈ ਪ੍ਰਕਾਸ਼ ਰੂਪ ਵਿੱਚ ਵਿਰਾਜਤ ਹੋ ਜਾਂਦੇ ਹਨ।
ਭਗਵਾਨ ਸ਼੍ਰੀ ਕ੍ਰਿਸ਼ਨ ਦਾ ਮੱਖਣ ਨੂੰ ਚੁਰਾ ਕੇ ਖਾਣਾ ਇਸ ਜੀਵਨ ਵਿੱਚ ਪਰਮਾਤਮਾਂ ਨੂੰ ਜਾਨਣ ਦਾ ਸੰਦੇਸ਼ ਦਿੰਦਾ ਹੈ। ਭਗਵਾਨ ਕੇਵਲ ਪ੍ਰਦਰਸ਼ਨ ਦਾ ਵਿਸ਼ਾ ਨਹੀਂ ਬਲਕਿ ਦਰਸ਼ਨ ਦਾ ਵਿਸ਼ਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੀ ਹਰ ਲੀਲਾ ਪਿੱਛੇ ਅੱਜ ਭਾਰਤ ਦੇਸ਼ ਵਾਸੀਆਂ ਲਈ ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਹੈ। ਗੋਪਾਲ ਦੇ ਰੂਪ ਵਿੱਚ ਉਹ ਵਿਸ਼ਵ ਦੀ ਮਾਤਾ ਕਹਾਈ ਜਾਣ ਵਾਲੀ ਗਾਂ ਦੇ ਪ੍ਰਤੀ ਸਾਨੂੰ ਸਭ ਨੂੰ ਆਦਰ ਅਤੇ ਸਨਮਾਨ ਦੀ ਭਾਵਨਾ ਰੱਖਣ ਦਾ ਉਪਦੇਸ਼ ਦਿੰਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨਾਰੀ ਉਦਾਰਕ, ਕੁਸ਼ਲ ਰਾਜਨੀਤਿਕ, ਸਮਾਜ ਸੇਵਕ ਅਤੇ ਕੁਸ਼ਲ ਰਾਜਾ ਦੇ ਰੂਪ ਵਿੱਚ ਸਾਰੇ ਸਮਾਜ ਲਈ ਇੱਕ ਉਧਾਰਨ ਹਨ। ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਅਸੀਂ ਸਭ ਭਗਵਾਨ ਸ੍ਰੀ ਕ੍ਰਿਸ਼ਨ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਕਲਿਆਣ ਵਾਸਤੇ ਇਸ ਗਿਆਨ ਦੇ ਮਾਰਗ ਤੇ ਚੱਲੀਏ ਜੋ ਸਾਨੂੰ ਭਗਵਾਨ ਨੇ ਭਗਵਤ ਗੀਤਾ ਰਾਹੀਂ ਦਿਖਾਇਆ ਹੈ। ਸਾਧਵੀ ਪੁੰਨਿਆ ਭਾਰਤੀ, ਸੱਦਿਆ ਭਾਰਤੀ, ਸੁਖਦੀਪ ਭਾਰਤੀ, ਭਗਵਤੀ ਭਾਰਤੀ ਅਤੇ ਰੇਣੂ ਭਾਰਤੀ ਨੇ ਸੁਮਧੁਰ ਭਜਨਾਂ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ।