ਸੂਰਾਂ ਵਿੱਚ ਅਫਰਕਿਨ ਸਵਾਈਨ ਫੀਵਰ ਬੀਮਾਰੀ ਤੋਂ ਸੂਰ ਪਾਲਕ ਸੁਚੇਤ ਰਹਿਣ - ਡੀ ਸੀ ਗੁਰਦਾਸਪੁਰ
- ਸੂਰ ਪਾਲਕਾਂ ਨੂੰ ਆਪਣੇ ਫਾਰਮ ਦੀ ਪੂਰੀ ਤਰ੍ਹਾਂ ਸਫਾਈ ਰੱਖਣ ਦੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2022 - ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਰਕਿਨ ਸਵਾਈਨ ਫੀਵਰ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ। ਇਸਦੇ ਕੇਸ ਉਤਰੀ ਪੂਰਵੀ ਰਾਜਾਂ ਅਤੇ ਬਿਹਾਰ ਵਿੱਚ ਆ ਰਹੇ ਹਨ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਇਸ ਦੇ ਕੇਸ ਮਿਲੇ ਹਨ। ਅਫਰਕਿਨ ਸਵਾਈਨ ਫੀਵਰ ਬੀਮਾਰੀ ਪਾਲਤੂ ਸੁਰਾਂ ਵਿੱਚ ਪਾਈ ਜਾਂਦੀ ਹੈ। ਸੁਰਾਂ ਵਿੱਚ ਕਾਫੀ ਜ਼ਿਆਦਾ ਬੁਖਾਰ ਹੁੰਦਾ ਹੈ ( 105°F ) ਅਤੇ ਕੰਨਾਂ ਪੇਟ ਛਾਤੀ ਦੀ ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਸੂਰ ਦੀ 3-4 ਦਿਨਾਂ ਵਿੱਚ ਮੌਤ ਹੋ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਇੱਕ ਵਾਇਰਲ ਬੀਮਾਰੀ ਹੈ। ਇਸ ਦੇ ਇਲਾਜ ਲਈ ਕੋਈ ਵੈਕਸੀਨ ਨਹੀਂ ਹੈ। ਪ੍ਰੰਤੂ ਇਸਦੀ ਰੋਕਥਾਮ ਲਈ ਬਾਇਉ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।
ਇਹ ਬੀਮਾਰੀ ਇੱਕ ਫਾਰਮ ਤੋਂ ਦੁਸਰੇ ਫਾਰਮ ਵਿੱਚ ਫੈਲ ਜਾਂਦੀ ਹੈ। ਇਸ ਲਈ ਆਪਣੇ ਫਾਰਮ ਦੀ ਚੰਗੀ ਤਰ੍ਹਾਂ ਸਫਾਈ ਯਕੀਨੀ ਬਣਾਈ ਜਾਵੇ ਅਤੇ ਆਪਣੇ ਫਾਰਮ ਨੂੰ ਡਿਸਇਨਫੈਕਟ ਕੀਤਾ ਜਾਵੇ। ਇਹ ਬੀਮਾਰੀ ਜੰਗਲੀ ਸੂਰਾਂ ਤੋਂ ਪਾਲਤੂ ਸੂਰਾਂ ਵਿੱਚ ਫੈਲ ਜਾਂਦੀ ਹੈ। ਸੋ ਆਪਣੇ ਫਾਰਮ ਤੇ ਕੰਡਿਆਲੀ ਤਾਰ ਲਗਾ ਦੇਣੀ ਚਾਹੀਦੀ ਹੈ। ਸੂਰਾਂ ਦੇ ਮੀਟ ਤੋਂ ਪੈਦਾ ਹੋਈ ਵੇਸਟ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣਾ ਚਾਹੀਦਾ ਹੈ।
ਇਸ ਮੋਕੇ ਡਾ ਸ਼ਾਮ ਸਿੰਘ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਨੇ ਦੱਸਿਆ ਕਿ ਸੂਰਾਂ ਨੂੰ ਚਿੱਚੜਾਂ ਤੋਂ ਬਚਾਉਣਾ ਚਾਹੀਦਾ ਹੈ ਅਤੇ ਸੂਰਾਂ ਦੀ ਢੋਆ ਢੁਆਈ ਬਿਲਕੁਲ ਬੰਦ ਕਰ ਦਿਓ ਅਤੇ ਆਪਣੇ ਫਾਰਮ ਤੇ ਕਿਸੇ ਵੀ ਵਹੀਕਲ ਦੀ ਐਂਟਰੀ ਬੰਦ ਕਰਨੀ ਚਾਹੀਦੀ ਹੈ। ਕਿਸੇ ਅਣਜਾਣ ਵਿਅਕਤੀ ਦੀ ਆਪਣੇ ਫਾਰਮ ਤੇ ਐਂਟਰੀ ਬੰਦ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿਲੇ ਗੁਰਦਾਸਪੁਰ ਵਿੱਚ 85 ਸੂਰ ਫਾਰਮ ਚੱਲ ਰਹੇ ਹਨ ਅਤੇ ਸੂਰਾਂ ਦੀ ਕੁੱਲ ਸੰਖਿਆ 3600 ਦੇ ਕਰੀਬ ਹੈ। ਜ਼ਿਲੇ ਗੁਰਦਾਸਪੁਰ ਵਿੱਚ ਕੋਈ ਵੀ ਅਫਰਕਿਨ ਸਵਾਈਨ ਫੀਵਰ ਦਾ ਕੇਸ ਸਾਹਮਣੇ ਨਹੀਂ ਆਇਆ ਪ੍ਰੰਤੂ ਸੂਰ ਪਾਲਕਾਂ ਨੂੰ ਅਪੀਲ ਹੈ ਕਿ ਆਪਣੇ ਫਾਰਮ ਦੀ ਪੂਰੀ ਤਰ੍ਹਾਂ ਸਫਾਈ ਰੱਖੀ ਜਾਵੇ ਅਤੇ ਸੂਰਾਂ ਵਿੱਚ ਅਫਰਕਿਨ ਸਵਾਈਨ ਫੀਵਰ ਬੀਮਾਰੀ ਦਾ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੇ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾਵੇ।