ਵੱਖਰਾ ਪ੍ਰਭਾਵ ਛੱਡ ਗਿਆ ਸਨਾਤਨ ਚੇਤਨਾ ਮੰਚ ਦਾ ਜਨਮ ਅਸ਼ਟਮੀ ਮਹਾਂਉਤਸਵ
ਨੌਜਵਾਨ ਪੀੜ੍ਹੀ ਅਤੇ ਬੱਚਿਆਂ ਦਾ ਰਿਹਾ ਬੋਲਬਾਲਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 20 ਅਗਸਤ 2022
ਸਨਾਤਨ ਚੇਤਨਾ ਮੰਚ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਮਨਾਇਆ ਗਿਆ ਜਨਮ ਅਸ਼ਟਮੀ ਮਹਾਂਉਤਸਵ ਸ਼ਹਿਰ ਵਾਸੀਆਂ ਦੇ ਮਨ ਵਿੱਚ ਵੱਖਰਾ ਪ੍ਰਭਾਵ ਸਿਰਜਨ ਵਿਚ ਪੂਰੀ ਤਰਾਂ ਕਾਮਯਾਬ ਰਿਹਾ। ਪੂਰੀ ਤਰਾਂ ਨਾਲ ਧਾਰਮਿਕ ਰੰਗਤ ਵਿੱਚ ਰੰਗੇ ਇਸ ਮਹਾਂ ਉਤਸਵ ਦੌਰਾਨ ਕੋਈ ਵੀ ਫਿਲਮੀ ਧੁੰਨ ਜਾ ਗੀਤ ਨਹੀਂ ਵਜੱਣ ਦਿੱਤਾ ਗਿਆ। ਆਯੋਜਕਾਂ ਵੱਲੋਂ ਪਹਿਲਾਂ ਹੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਪ੍ਰੋਗਰਾਮ ਨੌਜਵਾਨ ਵਰਗ ਅਤੇ ਬੱਚਿਆਂ ਨੂੰ ਆਪਣੀ ਪੁਰਾਤਨ ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਅਤੇ ਤਿਉਹਾਰ ਦੇ ਸਹੀ ਅਰਥ ਸਮਝਾਉਣ ਲਈ ਕਰਵਾਇਆ ਜਾ ਰਿਹਾ ਹੈ। ਇਸ ਦਾਅਵੇ ਨੂੰ ਸਹੀ ਸਾਬਤ ਕਰਦਿਆਂ ਜਨਮ ਅਸ਼ਟਮੀ ਮਹਾ ਉਤਸਵ ਦੇ ਇਸ ਕਾਰਜ ਕਰਮ ਵਿਚ ਨੌਜਵਾਨਾਂ ਅਤੇ ਬੱਚਿਆਂ ਦਾ ਹੀ ਬੋਲਬਾਲਾ ਰਿਹਾ।
ਜਨਮ ਅਸ਼ਟਮੀ ਮਹਾਂਉਤਸਵ ਕਾਰਜ ਕਰਮ ਵਿਚ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਵੀ ਕਾਰਜ ਕ੍ਰਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਐੱਸ ਐੱਸ ਪੀ ਦੀਪਕ ਹਿਲੋਰੀ ਅਤੇ ਰਮਨ ਬਹਿਲ ਵੱਲੋਂ ਰਾਧਾ ਕ੍ਰਿਸ਼ਨ ਦੀ ਜੋੜੀ ਦਾ ਪੰਚਾਮ੍ਰਿਤ ਅਭਿਸੇਕ ਵੀ ਕੀਤਾ ਗਿਆ।
ਦੇਰ ਰਾਤ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਅਕਰਸ਼ਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਖੂਬ ਸਮਾਂ ਬੰਨ੍ਹਿਆ। ਐਚਆਰਏ ਇੰਟਰਨੈਸ਼ਨਲ, ਗੌਲਡਨ ਪਬਲਿਕ ਸਕੂਲ, ਜੀਆ ਲਾਲ ਮਿੱਤਲ ਡੀਏਵੀ ਸਕੂਲ, ਕੈਂਬਰਿਜ ਇੰਟਰਨੈਸ਼ਨਲ, ਦੂਣ ਇੰਟਰਨੇਸ਼ਨਲ, ਬਾਲ ਵਿਦਿਆ ਮੰਦਰ, ਟੈਗੋਰ ਸੈਨੇਟਰੀ, ਟਰੀਨਿਟੀ ਪਬਲਿਕ ਸਕੂਲ ਅਤੇ ਆਰਮੀ ਪਬਲਿਕ ਸਕੂਲਾਂ ਦੀ ਸਕੂਲਾਂ ਦੇ ਵਿਦਿਆਰਥੀਆਂ ਕਾਰਜਕਰਮ ਵਿਚ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਪੇਸ਼ਕਾਰੀਆਂ ਦਿੱਤੀਆਂ ਜਦ ਕਿ ਐਚਆਰਏ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵੱਲੋਂ ਕ੍ਰਿਸ਼ਨ ਸੁਦਾਮਾ ਪ੍ਰਸੰਗ ਤੇ ਪੇਸ਼ ਕੀਤਾ ਗਿਆ ਨਾਟਕ ਖੂਬ ਸਰਾਹਿਆ ਗਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਨੇ ਰਾਸਲੀਲਾ, ਭਜਨ, ਲਿਟਲ ਕ੍ਰਿਸ਼ਨਾ ਫੈਂਸੀ ਡਰੈੱਸ ਮੁਕਾਬਲੇ ਅਤੇ ਭਗਵਤਗੀਤਾ ਕੁਇਜ਼ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਕੇ ਇਨਾਮ ਜਿੱਤੇ। ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਸ਼੍ਰੀਮਤੀ ਸੋਨੀਆ ਪਾਹੜਾ, ਸਪਨਾ ਮਹਾਜਨ ਪ੍ਰਿੰਸੀਪਲ ਕੰਨਿਆ ਵਿਦਿਆਲਿਆ ਧਾਰੀਵਾਲ, ਟੀਵੀ ਐਂਕਰ ਸੁਖਬੀਰ ਕੌਰ, ਬਲਵਿੰਦਰ ਕੌਰ ਪ੍ਰਿੰਸੀਪਲ ਗੌਰਮਿੰਟ ਸਿਨੀਅਰ ਸਕੈਂਡਰੀ ਸਕੂਲ ਘੋਟ ਪੋਖਰ ਨੇ ਨਿਭਾਈ।
ਭਗਵੰਤ ਗੀਤਾ ਕੁਇਜ਼ ਮੁਕਾਬਲਿਆਂ ਵਿੱਚ ਐਚਆਰਏ ਇੰਟਰਨੈਸ਼ਨਲ ਅਤੇ ਆਰਮੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਜਦਕਿ ਗੋਲਡਨ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ। ਮੁੱਖ ਮਹਿਮਾਨ ਐਸਐਸਪੀ ਦੀਪਕ ਹਿਲੋਰੀ ਨੇ ਅਜਿਹੇ ਕਾਰਜ ਕਰਮ ਦੇ ਆਯੋਜਨ ਲਈ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ਸਰਾਹਨਾ ਕੀਤੀ।
ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨਾ ਨੇ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਵਾਲਿਆਂ , ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸ਼ਹਿਰ ਵਸਿਆ ਅਤੇ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਰਾਤ 12 ਵਜੇ ਮਹਾਆਰਤੀ ਤੋਂ ਬਾਅਦ ਇਸ ਜਨਮ ਅਸ਼ਟਮੀ ਮਹਾਉਤਸਵ ਦਾ ਸਮਾਪਨ ਹੋਇਆ।