ਐਸ.ਡੀ.ਐਮ. ਸਰਦੂਲਗੜ੍ਹ ਨੇ ਵੱਖ ਵੱਖ ਕਲੱਬਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸੁਣੀਆਂ ਸਮੱਸਿਆਵਾਂ
ਸੰਜੀਵ ਜਿੰਦਲ
ਮਾਨਸਾ, 22 ਸਤੰਬਰ 2022 : ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਨੇ ਸਬ ਡਵੀਜ਼ਨ ਸਰਦੂਲਗੜ੍ਹ ਦੇ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਕਲੱਬਾਂ ਦੇ ਪ੍ਰਧਾਨ/ਮੈਂਬਰਾਂ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਕਰਕੇ ਕਲੱਬਾਂ ਦੀਆਂ ਦਰਪੇਸ਼ ਸਮੱਸਿਆਵਾਂ ਸੁਣੀਆਂ। ਉਨ੍ਹਾਂ ਸਮੂਹ ਕਲੱਬਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਰਹਿਤ ਹੋ ਸਕੇ।
ਇਸ ਮੌਕੇ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਕੀਤੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਪੱਧਰ ’ਤੇ ਆਪ ਪ੍ਰਬੰਧ ਕਰਕੇ ਪਿੰਡਾਂ ਦੇ ਬੱਚਿਆਂ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਵਾਤਾਵਰਣ ਦੀ ਸੰਭਾਲ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਲਾਸਟਿਕ ਦੇ ਲਿਫਾਫਿਆਂ ਨੂੰ ਵਰਤਣ ਦੇ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਪਿੰਡਾਂ ਵਿਚ ਰਹਿ ਰਹੇ ਗ਼ਰੀਬ, ਬੇਸਹਾਰਾ ਬਜ਼ੁਰਗਾਂ, ਅਪੰਗ ਵਿਅਕਤੀਆਂ ਨੂੰ ਬਣਦੀ ਸਹਾਇਤਾ ਦਿਵਾਉਣ ਲਈ ਯਤਨ ਕਰਨੇ ਆਦਿ ਕਲੱਬਾਂ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ।
ਆਪਣੀਆਂ ਮੁਸ਼ਕਲਾਂ ਦੱਸਦੇ ਹੋਏ ਕਲੱਬਾਂ ਦੇ ਨੁਮਾਇੰਦਿਆਂ ਨੇ ਪਿੰਡਾਂ ਵਿਚ ਖੇਡ ਗਰਾਊਂਡਾਂ ਦੇ ਛੋਟੇ ਹੋਣ, ਗਰਾਊਂਡਾਂ ਦੀ ਚਾਰਦੀਵਾਰੀ ਨਾ ਹੋਣ ਕਾਰਨ ਆਵਾਰਾ ਪਸ਼ੂਆਂ ਦੇ ਗਰਾਊਂਡ ਵਿਚ ਦਾਖਲ ਹੋਣ ਬਾਰੇ ਸਮੱਸਿਆਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਖੇਡ ਕਿੱਟਾਂ ਮੁਹੱਈਆ ਕਰਵਾਉਣ ਦੀ ਵੀ ਗੱਲ ਕਹੀ।
ਇਸ ਉਪਰੰਤ ਐਸ.ਡੀ.ਐਮ. ਨੇ ਵਿਸਵਾਸ਼ ਦਿਵਾਇਆ ਕਿ ਜਲਦੀ ਹੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾ ਦਿੱਤਾ ਜਾਵੇਗਾ।ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰ ਯੂਥ ਸਪੋਰਟਸ ਕਲੱਬ ਝੰਡੂਕੇ, ਦਸਮੇਸ਼ ਯੂਥ ਸਪੋਰਟਸ ਕਲੱਬ ਮਾਖਾ, ਸ਼ਹੀਦ ਭਗਤ ਸਿੰਘ ਸਰਾਭਾ ਨੌਜਵਾਨ ਵੈਲਫੇਅਰ ਕਲੱਬ ਲੋਹਗੜ੍ਹ, ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਫੱਤਾ ਮਾਲੋਕਾ, ਸ੍ਰੀ ਗੁਰੂ ਰਵਿਦਾਸ ਭਗਤ ਜੀ ਸਪੋਰਟਸ ਐਂਡ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਪਿੰਡ ਕੋਰਵਾਲਾ, ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਲੋਹਗੜ੍ਹ ਹਾਜ਼ਰ ਸਨ।