ਨਹਿਰ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 25 ਨਵੰਬਰ 2022 - ਨਹਿਰ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਇਕ ਹੋਰ ਨੌਜਵਾਨ ਤੇ ਦੋਸ਼ ਲਗਾਇਆ ਕਿ ਉਸ ਨੇ ਮ੍ਰਿਤਕ ਨੌਜਵਾਨਾਂ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੀਪ ਕੋਰ ਪਤਨੀ ਦਰਸਨ ਸਿੰਘ ਵਾਸੀ ਸਹਾਏਪੁਰ ਥਾਣਾ ਕਾਹਨੂੰਵਾਂਨ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਤਜਿੰਦਰਜੀਤ ਸਿੰਘ ਜੋ ਕਿ ਸਾਦੀ ਸੁਦਾ ਹੈ ਜਿਸਦੇ ਦੋ ਬੱਚੇ ਹਨ। 24 ਸਤੰਬਰ ਨੂੰ ਉਸ ਦੇ ਲੜਕੇ ਤਜਿੰਦਰਜੀਤ ਸਿੰਘ ਨੂੰ ਨਿਸ਼ਾਨ ਸਿੰਘ ਵਾਸੀ ਚੋਪੜਾ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਘੁੰਮ ਫਿਰ ਕੇ ਆਉਦੇ ਹਾਂ ਜਦ ਉਸ ਦਾ ਲੜਕਾ ਕਾਫੀ ਦੇਰ ਤੱਕ ਘਰ ਨਾ ਆਇਆ ਤਾਂ ਉਸ ਨੇ ਲੜਕੇ ਦੀ ਭਾਲ ਕਰਨੀ ਸੁਰੂ ਕਰ ਦਿੱਤੀ।
ਸ਼ਾਮ ਕਰੀਬ ਸੱਤ ਵਜੇ ਉਸ ਨੂੰ ਪਤਾ ਲੱਗਾ ਕਿ ਇੱਕ ਡੈਡ ਬਾਡੀ ਨਹਿਰ ਦੇ ਕਿਨਾਰੇ ਨੇੜੇ ਗੁੱਜਰਾਂ ਦਾ ਕੁੱਲ ਪਿੰਡ ਮੁਸਤਫਾਬਾਦ ਜੱਟਾਂ ਲਾਗੇ ਪਈ ਹੈ ਜਦ ਉਸ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਡੈਡ ਬਾਡੀ ਤਜਿੰਦਰਜੀਤ ਸਿੰਘ ਦੀ ਸੀ। ਮ੍ਰਿਤਕ ਦੀ ਮਾਂ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਲੜਕੇ ਨੂੰ ਨਿਸ਼ਾਨ ਸਿੰਘ ਨੇ ਨਸ਼ੇ ਦਾ ਉਵਰ ਡੋਜ ਟੀਕਾ ਲਗਾਇਆ ਹੈ ਜਿਸ ਨਾਲ ਤਜਿੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ।
ਥਾਣਾ ਤਿੱਬੜ ਦੀ ਐੱਸ ਐੱਚ ਓ ਅਮਨਦੀਪ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।