ਸਾਦਤਪੁਰ ਵਿਖੇ ਪਰਾਲੀ ਦੇ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 26 ਸਤੰਬਰ 2022 : ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਡਾ. ਹਰਬੰਸ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਗੁਰਕਿਰਪਾਲ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਅਹਿਮਦਗੜ੍ਹ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ੍ਹ ਵੱਲੋਂ ਪਿੰਡ ਸਾਦਤਪੁਰ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾ. ਕੁਲਬੀਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਮਸ਼ੀਨਰੀ ਜਿਵੇਂ ਸੁਪਰ ਸੀਡਰ, ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੇ ਹਲ ਆਦਿ ਵਰਤਦੇ ਹੋਏ ਖੇਤਾਂ ਵਿੱਚ ਹੀ ਸੰਭਾਲਣ ਦੇ ਮਹੱਤਵ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਪਰਾਲੀ ਜਿੱਥੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਉੱਥੇ ਹੀ ਜੈਵਿਕ ਕਾਰਬਨ ਦਾ ਵੀ ਮਹੱਤਵਪੂਰਨ ਸ੍ਰੋਤ ਹੈ। ਉਹਨਾਂ ਆਈ-ਖੇਤ ਐਪ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪਰਾਲੀ ਦੇ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਤੇ ਜ਼ੋਰ ਦਿੱਤਾ।
ਇਸ ਮੌਕੇ ਬੀ.ਟੀ.ਐਮ ਅਹਿਮਦਗੜ੍ਹ ਮੁਹੰਮਦ ਜਮੀਲ ਨੇ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਨੂੰ ਜਲਾ ਕੇ ਨਸ਼ਟ ਕਰਨ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜ਼ਰੂਰੀ ਫ਼ਸਲੀ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ, ਮਿੱਤਰ-ਕੀੜੇ ਮਰ ਜਾਂਦੇ ਹਨ ਅਤੇ ਬਨਸਪਤੀ ਨੂੰ ਵੀ ਨੁਕਸਾਨ ਹੁੰਦਾ ਹੈ।
ਇਸ ਮੌਕੇ ਕਿਸਾਨਾਂ ਵੱਲੋਂ ਮਾਹਿਰਾਂ ਨਾਲ ਖੇਤੀ ਸਮੱਸਿਆਵਾਂ ਤੇ ਵੀ ਵਿਚਾਰ-ਚਰਚਾ ਕੀਤੀ ਗਈ। ਕੈਂਪ ਦਾ ਪ੍ਰਬੰਧ ਵਿਭਾਗ ਦੇ ਕਰਮਚਾਰੀ ਗੁਰਵਿੰਦਰ ਸਿੰਘ ਏ.ਟੀ.ਐਮ ਦੁਆਰਾ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ, ਗੁਰਜੀਤ ਸਿੰਘ ਸੱਦੋਪੁਰ, ਚਮਕੌਰ ਸਿੰਘ ਆਹਨਖੇੜੀ, ਬਹਾਦਰ ਖਾਂ, ਗੁਰਦੇਵ ਸਿੰਘ ਆਦਮਪਾਲ, ਕਰਮਜੀਤ ਸਿੰਘ ਨੌਧਰਾਣੀ ਆਦਿ ਕਿਸਾਨਾਂ ਨੇ ਭਾਗ ਲਿਆ