ਹੁਸ਼ਿਆਰਪੁਰ: ਭਗਵਾਨ ਵਾਲਮੀਕਿ ਜੈਅੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਮੀਟਿੰਗ
- ਨਿਰਵਿਘਨ ਤੇ ਸੁਚਾਰੂ ਟ੍ਰੈਫਿਕ ਵਿਵਸਥਾ ਯਕੀਨੀ ਬਣਾਉਣ ਲਈ 6 ਟੈ੍ਰਫਿਕ ਡਾਇਵਰਸ਼ਨ ਪੁਆਇੰਟ ਬਣਾਏ
ਹੁਸ਼ਿਆਰਪੁਰ, 6 ਅਕਤੂਬਰ 2022 - ਹੁਸ਼ਿਆਰਪੁਰ ਵਿਖੇ ਭਗਵਾਨ ਵਾਲਮੀਕਿ ਜੈਅੰਤੀ ਨੂੰ ਸਮਰਪਿਤ 7 ਅਕਤੂਬਰ ਨੂੰ ਸ਼ਾਮ 3 ਵਜੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਐਸ.ਐਸ.ਪੀ. ਸ਼੍ਰੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਰਹੇ। ਇਸ ਮੌਕੇ ਸ਼ੋਭਾ ਯਾਤਰਾ ਦੇ ਵੱਖ-ਵੱਖ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ ਗਈਆਂ, ਜਿਨ੍ਹਾਂ ਵਿਚ ਸਾਫ਼-ਸਫ਼ਾਈ, ਪਾਣੀ ਦਾ ਛਿੜਕਾਅ, ਪੀਣ ਵਾਲੇ ਪਾਣੀ, ਚੌਕਾਂ ਦੀ ਸਜਾਵਟ, ਸੁਰੱਖਿਆ, ਸੁਚਾਰੂ ਟ੍ਰੈਫਿਕ, ਨਿਰਵਿਘਨ ਬਿਜਲੀ ਸਪਲਾਈ, ਡਿਊਟੀ ਮੈਜਿਸਟਰੇਟ, ਮੈਡੀਕਲ ਟੀਮਾਂ, ਫਾਇਰ ਟੈਂਡਰ ਦੇ ਪ੍ਰਬੰਧ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਆਸ਼ਰਮ, ਸ਼ਾਸਤਰੀ ਨਗਰ ਤੋਂ ਅਰੰਭ ਹੋ ਕੇ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਖਾਨਪੁਰੀ ਗੇਟ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਦਾ ਰੂਟ ਭਗਵਾਨ ਵਾਲਮੀਕਿ ਆਸ਼ਰਮ ਤੋਂ ਟੈਗੋਰ ਪਾਰਕ, ਕਣਕ ਮੰਡੀ ਚੌਕ, ਕਸ਼ਮੀਰੀ ਬਾਜ਼ਾਰ, ਘੰਟਾ ਘਰ ਵਾਲਮੀਕਿ ਚੌਕ ਤੋਂ ਅਫਗਾਨ ਰੋਡ ਹੁੰਦੇ ਹੋਏ ਖਾਨਪੁਰੀ ਗੇਟ ਹੋਵੇਗਾ।
ਐਸ.ਐਸ.ਪੀ. ਸ਼੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਨਿਰਵਿਘਨ ਤੇ ਸੁਚਾਰੂ ਟ੍ਰੈਫਿਕ ਵਿਵਸਥਾ ਯਕੀਨੀ ਬਣਾਉਣ ਲਈ ਸੁਰੱਖਿਆ ਅਤੇ ਟ੍ਰੈਫਿਕ ਰੂਟ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਰੂਟ ’ਤੇ 15 ਨਾਕਾ ਪੁਆਇੰਟ ਬਣਾਏ ਗਏ। ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ 6 ਟ੍ਰੈਫਿਕ ਡਾਇਵਰਸ਼ਨ ਪੁਆਇੰਟ ਬਣਾਏ ਗਏ ਹਨ, ਜਿਨ੍ਹਾਂ ਵਿਚ ਨਲੋਈਆਂ ਚੌਕ, ਟਾਂਡਾ ਬਾਈਪਾਸ ਚੌਕ, ਬਲਬੀਰ ਕਲੋਨੀ, ਟੀ ਪੁਆਇੰਟ ਕੋਟੂ ਫਾਸਟ ਫੂਡ, ਰੇਮੰਡ ਸ਼ੋਅ ਰੂਮ ਨੇੜੇ ਮੀਟ ਸ਼ਾਪ ਘੰਟਾ ਘਰ ਅਤੇ ਕਮਾਲਪੁਰ ਚੌਕ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਮਹਾਜਨ, ਡੀ.ਐਸ.ਪੀ. ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੁਪਰਡੈਂਟ ਬਲਕਾਰ ਸਿੰਘ ਅਤੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰ ਹਾਜ਼ਰ ਸਨ।