ਜਲੰਧਰ: ਸਤਿਹੀ ਪਾਣੀ ਪ੍ਰਾਜੈਕਟ : ਡਿਪਟੀ ਕਮਿਸ਼ਨਰ ਨੇ ਧੋਗੜੀ ਰੋਡ ’ਤੇ ਚੱਲ ਰਹੇ ਪਾਈਪਾਂ ਪਾਉਣ ਦੇ ਕੰਮ ਦਾ ਲਿਆ ਜਾਇਜ਼ਾ
- ਅਧਿਕਾਰੀਆਂ ਨੂੰ ਸਮੇਂ ਸਿਰ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼
ਜਲੰਧਰ, 24 ਨਵੰਬਰ 2022 - ਸਤਿਹੀ ਪਾਣੀ ਪ੍ਰਾਜੈਕਟ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਅੱਜ ਧੋਗੜੀ ਰੋਡ ਦਾ ਦੌਰਾ ਕਰਦਿਆਂ ਉਥੇ ਚੱਲ ਰਹੇ ਐਮ.ਐਸ. ਪਾਈਪ (2000 ਐਮ.ਐਮ.) ਪਾਉਣ ਦੇ ਕੰਮ ਦਾ ਜਾਇਜ਼ਾ ਲਿਆ ਗਿਆ।
ਦੌਰੇ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਤਿਹੀ ਪਾਣੀ ਪ੍ਰਾਜੈਕਟ ਤਹਿਤ ਆਦਮਪੁਰ ਦੇ ਪਿੰਡ ਜਗਰਾਵਾਂ ਤੋਂ ਪਿੰਡ ਰੇਰੂ ਜਲੰਧਰ ਤੱਕ 13.5 ਕਿਲੋਮੀਟਰ ਪਾਈਪ ਵਿਛਾਈ ਜਾਣੀ ਹੈ, ਜਿਸ ਵਿੱਚੋਂ 5.25 ਕਿਲੋਮੀਟਰ ਪਾਈਪ ਪਾਏ ਜਾਣ ਦਾ ਕੰਮ ਮੁਕੰਮਲ ਕੀਤਾ ਚੁੱਕਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਅਤੇ ਮਿਆਰ ਨੂੰ ਕਾਇਮ ਰੱਖਦਿਆਂ ਬਾਕੀ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ’ਤੇ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਪੰਜ ਥਾਵਾਂ ਬਰਲਟਨ ਪਾਰਕ, ਢਿੱਲਵਾਂ, ਮਾਡਲ ਟਾਊਨ, ਸੂਰਯਾ ਇਨਕਲੇਵ ਅਤੇ ਫੋਕਲ ਪੁਆਇੰਟ ਵਿਖੇ ਜ਼ਮੀਨਦੋਜ਼ ਵੱਡੇ ਟੈਂਕ ਬਣਾਏ ਜਾਣ ਦਾ ਕੰਮ ਪ੍ਰਗਤੀ ਅਧੀਨ ਹੈ, ਜਿਥੋਂ ਅੱਗੇ ਸਾਫ ਨਹਿਰੀ ਪਾਣੀ ਨੂੰ ਪਾਈਪਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।