ਮਲੇਰਕੋਟਲਾ: ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਹਰੇਕ ਮੰਗਲਵਾਰ ਨੂੰ ਸਰਕਾਰੀ ਹਸਪਤਾਲ 'ਚ ਲੱਗਣਗੇ ਵਿਸ਼ੇਸ ਕੈਂਪ
-- ਜ਼ਿਲ੍ਹੇ ਦੇ 4157 ਦਿਵਿਆਂਗਜਨਾਂ ਲਾਭਪਤਾਰੀਆਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਹਰੇਕ ਮਹੀਨੇ ਕਰੀਬ 62 ਲੱਖ 35 ਹਜਾਰ 500 ਰੁਪਏ ਦੀ ਰਾਸ਼ੀ ਬਤੌਰ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ
-- ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ (ਯੂ.ਡੀ.ਆਈ.ਡੀ.) ਕਾਰਡ ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼ : ਲਵਲੀਨ ਕੌਰ ਬੜਿੰਗ
-- ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਦਿਵਿਆਂਗਜ਼ਨਾਂ ਕੋਲ ਯੂ.ਡੀ.ਆਈ.ਡੀ. ਕਾਰਡ ਦਾ ਹੋਣਾ ਲਾਜਮੀ
ਮੁਹੰਮਦ ਇਸਮਾਿਇਲ ਏਸ਼ੀਆ
ਮਲੇਰਕੋਟਲਾ 24 ਨਵੰਬਰ 2022: ਜ਼ਿਲ੍ਹੇ ਦੇ ਸਮੂਹ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਪਛਾਣ ਪੱਤਰ ( ਯੂ.ਡੀ.ਆਈ.ਡੀ. ਕਾਰਡ) ਬਣਾਉਣ ਲਈ ਹਰੇਕ ਮੰਗਲਵਾਰ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਵਿਸ਼ੇਸ ਕੈਂਪਾਂ ਲਗਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਦਾ ਕੋਈ ਦਿਵਿਆਂਗ ਵਿਅਕਤੀ ਬਿਨ੍ਹਾਂ ਵਿਲੱਖਣ ਪਛਾਣ ਪੱਤਰ ( ਯੂ.ਡੀ.ਆਈ.ਡੀ. ਕਾਰਡ) ਤੋਂ ਸਖਣਾ ਨਾ ਰਹਿ ਸਕੇ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਸਰਕਾਰ ਵਲੋਂ ਚਲਾਈਆਂ ਵੱਖ ਵੱਖ ਲੋਕ ਭਲਾਈ ਸਕੀਮਾ ਤਹਿਤ 4157 ਦਿਵਿਆਂਗਜਨਾਂ ਲਾਭਪਤਾਰੀਆਂ ਨੂੰ ਹਰੇਕ ਮਹੀਨੇ ਕਰੀਬ 62 ਲੱਖ 35 ਹਜਾਰ 500 ਰੁਪਏ ਰੁਪਏ ਦੀ ਰਾਸ਼ੀ ਬਤੌਰ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਜਾਰੀ ਕਰਨ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਕਾਰਡ ਲੈਣ ਲਈ ਦਰਖਾਸਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੇ ਕਾਰਡ 30 ਨਵੰਬਰ ਤੱਕ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਜਿਲ੍ਹੇ ਦੇ ਸਮੂਹ ਸਰਪੰਚਾਂ ਅਤੇ ਮਿਊਸੀਪਲ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਰਡ ਅਤੇ ਪੰਚਾਇਤ ਅਧੀਨ ਆਉਂਦੇ ਯੋਗ ਦਿਵਿਆਂਗਾ ਦਾ ਯੂ ਡੀ ਆਈ ਡੀ ਕਾਰਡ ਬਣਾਉਣ ਲਈ ਪਹਿਲ ਕਰਨ।
ਉਨ੍ਹਾਂ ਦੱਸਿਆ ਕਿ ਦਿਵਿਆਂਗਜ਼ਨ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਲਈ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ ,ਜਿਸ ਤਹਿਤ ਹਰੇਕ ਮੰਗਲਵਾਰ ਨੂੰ ਜਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਸਵੇਰੇ 09 ਤੋਂ ਦੁਪਹਿਰ 03 ਵਜੇ ਤੱਕ ਵਿਸ਼ੇਸ ਕੈਂਪ ਦਾ ਆਯੋਜਨ ਕਰਕੇ ਸਿਹਤ ਵਿਭਾਗ ਵਲੋਂ ਯੋਗ ਲਾਭਪਾਤਰੀਆਂ ਦੇ ਵਿਲੱਖਣ ਪਛਾਣ ਪੱਤਰ ( ਯੂ.ਡੀ.ਆਈ.ਡੀ. ਕਾਰਡ) ਬਣਾਏ ਜਾ ਰਹੇ ਹਨ। ਪਿਛਲੇ ਦੋ ਕੈਂਪਾਂ ਦੌਰਾਨ ਕਰੀਬ 20 ਹੋਰ ਨਵੇ ਕਾਰਡ ਬਣਾਏ ਜਾ ਚੁੱਕੇ ਹਨ ਤਾਂ ਜੋ ਜ਼ਿਲ੍ਹਾ ਕੋਈ ਵੀ ਦਿਵਿਆਂਗ ਸਰਕਾਰੀ ਸਕੀਮਾਂ ਤੋਂ ਵਾਝਾ ਨਾ ਰਹਿ ਸਕੇ ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ (ਯੂ.ਡੀ.ਆਈ.ਡੀ. ਕਾਰਡ) ਦਿਵਿਆਂਗਜਨਾਂ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇੱਕ ਦਸਤਾਵੇਜ਼ ਹੈ। ਯੂ.ਡੀ.ਆਈ.ਡੀ. ਕਾਰਡ ਰਾਸ਼ਟਰੀ ਪੱਧਰ ਤੇ ਲਾਭਪਾਤਰੀਆਂ ਦੀ ਸਰੀਰਕ ਅਤੇ ਵਿੱਤੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਵਿਚ ਸਹਾਇਤਾ ਕਰਦਾ ਹੈ। ਦਿਵਿਆਂਗ ਵਿਅਕਤੀ www.svavlambancard.gov.in.ਵੈੱਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਹਰ ਦਿਵਿਆਂਗ ਵਿਅਕਤੀ ਲਈ ਬਣਾਉਣਾ ਬਹੁਤ ਜ਼ਰੂਰੀ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਪ੍ਰੋਜੈਕਟ ਅਧੀਨ www.swablambancard.gov.in ਪੋਰਟਲ ਬਣਾਇਆ ਗਿਆ ਹੈ ਅਤੇ ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ, ਨਜ਼ਦੀਕੀ ਸੇਵਾ ਕੇਂਦਰ,ਸੁਵਿਧਾ ਕੇਂਦਰ ਦੇ ਦਫ਼ਤਰ ਵਿਚ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਦਿਵਿਆਂਗ ਵਿਅਕਤੀ ਲਈ ਦਿਵਿਆਂਗ ਵਿਲੱਖਣ ਪਹਿਚਾਣ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾ ਕੇਵਲ ਇੱਕ ਸਰਕਾਰੀ ਪਛਾਣ ਪੱਤਰ ਹੈ ਬਲਕਿ ਇਹ ਉਨ੍ਹਾਂ ਦੀ ਵਿਲੱਖਣਤਾ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਰਾਹੀਂ ਦਿਵਿਆਂਗਜਨਾਂ ਲਈ ਚਲਾਈ ਜਾਣ ਵਾਲੀਆ ਵੱਖ ਵੱਖ ਸੇਵਾਵਾਂ ਲੈਣ ਲਈ ਇਹ ਕਾਰਡ ਸਹਾਇਕ ਹੈ। ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਐਸ.ਐਮ.ਓ ਦਫਤਰ, ਸਿਵਲ ਸਰਜਨ ਦਫਤਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਜਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਤੋਂ ਜਾਣਕਾਰੀ ਲੈ ਸਕਦੇ ਹਨ।