ਪੰਜਾਬ ਤੋਂ ਗਏ ‘ਆਪ’ ਆਗੂਆਂ ਨੇ ਗੁਜਰਾਤ ਦੇ ਹਲਕੇ ਖੰਭਾਟ ਦੇ ਲੋਕਾਂ ਨਾਲ ਕੀਤੀ ਗੱਲਬਾਤ
- ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤਹਿ : ਡਾ. ਢਿੱਲੋਂ
ਕੋਟਕਪੂਰਾ, 24 ਨਵੰਬਰ 2022 :- 20 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਮੌਕੇ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਗੁਮਰਾਹਕੁੰਨ ਬਿਆਨਬਾਜੀ ਅਤੇ ਕੂੜ ਪ੍ਰਚਾਰ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ 92 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਹੁਣ ਉਹੀ ਹਵਾ ਗੁਜਰਾਤ ਵਿੱਚ ਚੱਲ ਪਈ ਹੈ। ਆਮ ਆਦਮੀ ਪਾਰਟੀ (ਟਰਾਂਸਪੋਰਟ ਸੈੱਲ) ਪੰਜਾਬ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਜਰਾਤ ਵਿੱਚ ਵੀ ਭਾਜਪਾ ਦੀ ਝੂਠੀ ਬਿਆਨਬਾਜੀ ਦੀ ਫੂਕ ਨਿਕਲਦੀ ਪ੍ਰਤੀਤ ਹੋ ਰਹੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਸਮੇਤ ਹਾਈਕਮਾਂਡ ਦੇ ਹੋਰ ਆਗੂਆਂ ਦੀ ਆਮਦ ਮੌਕੇ ਗੁਜਰਾਤ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਸਨੀਕ ਕਤਾਰਾਂ ਬੰਨ ਕੇ ਉੱਥੇ ਪਹੁੰਚ ਜਾਂਦੇ ਹਨ ਤੇ ਵੱਡਾ ਜਮਾਵੜਾ ਦੇਖਣ ਨੂੰ ਮਿਲਦਾ ਹੈ।
ਗੁਜਰਾਤ ਦੇ ਜਿਲਾ ਆਨੰਦ ਦੇ ਵਿਧਾਨ ਸਭਾ ਹਲਕੇ ਖੰਭਾਟ ਵਿਖੇ ‘ਆਪ’ ਉਮੀਦਵਾਰ ਅਰੁਣ ਕੁਮਾਰ ਦੀ ਹਮਾਇਤ ’ਤੇ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਨਦੀਆਦ, ਤਾਰਾਪੁਰ ਅਤੇ ਕਠਲਾਲ ਆਦਿਕ ਥਾਵਾਂ ’ਤੇ ਅਮਨਦੀਪ ਸਿੰਘ ਬਾਬਾ, ਗੁਰਤੇਜ ਸਿੰਘ ਖੋਸਾ, ਜਗਤਾਰ ਸਿੰਘ ਨੰਗਲ ਨੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਜਿਵੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ, ਉਸੇ ਤਰਾਂ ਹੁਣ ਗੁਜਰਾਤ ਵਿੱਚ 182 ਵਿੱਚੋਂ 150 ਤੋਂ ਜਿਆਦਾ ਸੀਟਾਂ ’ਤੇ ਜਿੱਤ ਹਾਸਲ ਕਰਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ।
ਡਾ ਢਿੱਲੋਂ ਨੇ ਦੱਸਿਆ ਕਿ ਗੁਜਰਾਤ ਵਿੱਚ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ’ਆਪ’ ਸਰਕਾਰ ਵਲੋਂ ਪੰਜਾਬ ਵਿੱਚ ਕੀਤੇ ਲੋਕ ਭਲਾਈ ਕੰਮਾ ਦਾ ਬਹੁਤ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਗੁਜਰਾਤ ਮਾਡਲ ਦਾ ਭਰਮ ਭੁਲੇਖਾ ਖੜਾ ਕਰਕੇ ਦੇਸ਼ ਭਰ ਵਿੱਚੋਂ ਲੋਕ ਸਭਾ ਚੋਣਾ ਦੌਰਾਨ ਵੋਟਾਂ ਬਟੋਰਨ ਵਾਲੀ ਭਾਜਪਾ ਦਾ ਮਖੋਟਾ 4 ਦਸੰਬਰ ਤੋਂ ਬਾਅਦ ਲਹਿ ਜਾਵੇਗਾ, ਕਿਉਂਕਿ ਉੱਥੋਂ ਦੇ ਲੋਕ ਹੁਣ ਗੁਜਰਾਤ ਵਿੱਚ ਝਾੜੂ ਫੇਰਨ ਅਰਥਾਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹੋਏ ਪਏ ਹਨ।