ਪਟਿਆਲਾ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚੱਲ ਰਿਹਾ ਪੱਕਾ ਮੋਰਚਾ ਹੋਇਆ ਸਮਾਪਤ
ਜੀ ਐਸ ਪੰਨੂ
ਪਟਿਆਲਾ : 7ਦਸੰਬਰ,2022: 22 ਦਿਨਾਂ ਤੋਂ ਚੱਲ ਰਿਹਾ ਪੱਕਾ ਮੋਰਚਾ ਮੰਗਾਂ ਨਾਲ ਸੰਬੰਧਤ ਅਧਿਕਾਰੀ ਅਤੇ ਕਮੇਟੀ ਆਗੂ ਧਰਮਵੀਰ ਹਰੀਗੜ੍ਹ, ਗੁਰਵਿੰਦਰ ਬੌੜਾ, ਧਰਮਪਾਲ ਨੂਰਖੇੜੀਆਂ ਨਾਲ ਪੈਨਲ ਮੀਟਿੰਗ ਕਰਕੇ ਪੱਕਾ ਮੋਰਚਾ ਕੀਤਾ ਸਮਾਪਤ । ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੋੜਾਂ ਕਲਾਂ ਅਤੇ ਧਰਮਵੀਰ ਸਿੰਘ ਹਰੀਗੜ੍ਹ ਜੋਨਲ ਆਗੂ ਨੇ ਦੱਸਿਆ ਕਿ ਲੋਕਾਂ ਨੇ ਅੱਜ ਆਪਣੀ ਏਕਤਾ ਦਿਖਾਉਂਦੇ ਹੋਏ ਇਹ ਸਾਬਤ ਕਰਤਾ ਕਿ ਲੋਕ ਚਾਹੁਣ ਤਾਂ ਆਪਣੀ ਜਿੰਦਗੀ ਸੰਘਰਸ਼ ਕਰਕੇ ਬਦਲ ਸਕਦੇ ਹਨ।
ਸਘੰਰਸ਼ ਕਮੇਟੀ ਦੇ ਕਹਿਣ ਮੁਤਾਬਿਕ ਪਿੰਡ ਕਕਰਾਲਾ ਵਿੱਚ ਪੰਜ ਪੰਜ ਮਰਲੇ ਪਲਾਟਾਂ ਦਾ ਮਤਾ ਪਵਾਇਆ। ਬੋੜਾਂ ਕਲਾਂ ਵਿੱਚ ਪਲਾਟਾਂ ਦਾ ਮਤਾ ਦਰੁਸਤ ਕਰਵਾਇਆ। ਲੋਕ ਪੱਖੀ ਮਨਰੇਗਾ ਮੇਟ ਚੁਣ ਕੇ ਕੰਮ ਚਲਾਇਆ। ਸੁਰਾਜਪੁਰ ਦੀਆਂ ਪੰਚਾਇਤੀ ਜਮੀਨ ਦੀ ਭਰੀ ਰਕਮ ਦੀਆਂ ਰਸੀਦਾਂ ਪ੍ਰਾਪਤ ਕੀਤੀਆਂ। ਪਿੰਡ ਵਿੱਚ ਮਨਰੇਗਾ ਦਾ ਕੰਮ ਚਲਵਾਇਆ। ਬਨੇਰਾ ਖੁਰਦ ਵਿੱਚ ਪੰਜ ਪੰਜ ਮਰਲੇ ਪਲਾਟਾਂ ਵਿਚੋਂ ਰਹਿ ਚੁੱਕੇ ਪਰਿਵਾਰਾਂ ਦਾ ਮਤਾ ਆਉਣ ਵਾਲੀ 30 ਤਰੀਕ ਨੂੰ ਗ੍ਰਾਂਮ ਸਭਾ ਵਿੱਚ ਪਾਇਆ ਜਾਵੇਗਾ। ਉਸਾਰੀ ਮਜਦੂਰਾਂ ਦੇ ਖਾਤਿਆਂ ਵਿੱਚ ਰਹਿੰਦੀ ਪੇਮੈਂਟ ਪਵਾਈ।
ਉਸਾਰੀ ਕਾਮਿਆਂ ਦੇ ਬਜਟ ਸਬੰਧੀ ਐਸ.ਡੀ.ਐਮ. ਨਾਲ ਮੀਟਿੰਗ ਤਹਿ ਹੋਈ। ਲੋਕਾਂ ਦੇ ਸੰਘਰਸ਼ ਨਾਲ ਨੂਰਖੇੜੀਆਂ ਦੀ ਹੜਾਰੋੜੀ ਘਰਾਂ ਤੋਂ ਬਾਹਰ ਕਰਨ ਦਾ ਨੋਟਿਸ ਜਾਰੀ ਕਰਵਾਇਆ। ਮੱਲੇਵਾਲ, ਨਰਮਾਣਾ, ਹਰੀਗੜ੍ਹ, ਕਾਹਨਗੜ੍ਹ, ਭੂਦਨਾ ਦੀਆਂ ਪੰਚਾਇਤੀ ਜਮੀਨਾਂ ਛੁਡਾਉਣ ਦਾ ਪ੍ਰੋਸੈਸ ਸ਼ੁਰੂ ਕਰਵਾਇਆ। ਪਿੰਡ ਫਤਿਹਗੜ੍ਹ ਛੰਨਾਂ ਦੇ ਪਲਾਟਾਂ ਦਾ ਰੁਕਿਆ ਪ੍ਰੋਸੈਸ ਸ਼ੁਰੂ ਕਰਵਾਇਆ। ਬਿਨਾਹੇੜੀ ਦੇ ਬੇਜਮੀਨੇ ਲੋਕਾਂ ਨੂੰ ਪਲਾਟ ਦੇਣ ਦਾ ਕੰਮ ਸ਼ੁਰੂ ਕੀਤਾ। ਬਾਕੀ ਰਹਿੰਦੀਆਂ ਮੰਗਾ ਦਾ ਜਲਦ ਹੀ ਹੱਲ ਕਰਨ ਦਾ ਵਾਇਦਾ ਕੀਤਾ।
ਲੀਡਰਾਂ ਨੇ ਕਿਹਾ ਕਿ ਅਗਰ ਰਹਿੰਦੀਆਂ ਮੰਗਾਂ ਤੇ ਪ੍ਰਸ਼ਾਸ਼ਨ ਨੇ ਆਨਾ ਕਾਨੀ ਕੀਤੀ ਜਾਂ ਲਾਰਿਆ ਵਿੱਚ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੰਗਾਂ ਲੈ ਕੇ ਸੈਂਕੜੇ ਲੋਕਾਂ ਨੂੰ ਇਕੱਠੇ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।