ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਬਿਨੈ ਕਰਨ ਦੀ ਤਾਰੀਖ਼ 'ਚ 31 ਦਸੰਬਰ ਤੱਕ ਹੋਇਆ ਵਾਧਾ
ਜੀ ਐਸ ਪੰਨੂ
ਪਟਿਆਲਾ, 7 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਤਾਰੀਖ ਵਿਚ ਹੁਣ ਸਰਕਾਰ ਵੱਲੋਂ 31 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਕਰੌਲ, ਸਰਟੀਫਿਕੇਟ ਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲਾਂ ਤੋਂ ਵੱਖ-ਵੱਖ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਸਭਿਆਚਾਰਕ ਗਤੀਵਿਧੀਆਂ, ਪਰਬਤ ਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ ਹੋਵੇ।
ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੈ ਤੇ ਉਮੀਦਵਾਰ ਦੀ ਉਮਰ ਮਿਤੀ 31 ਮਾਰਚ 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿੱਚ ਸ਼ਾਮਲ ਹੁੰਦਾ ਰਿਹਾ ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ ਦੋ ਸਾਲ ਬਾਅਦ ਇਨ੍ਹਾਂ ਗਤੀਵਿਧੀਆਂ ਨੂੰ ਚਾਲੂ ਰੱਖਣ ਦਾ ਇੱਛੁਕ ਹੋਵੇ ਤੇ ਇਹ ਗਤੀਵਿਧੀਆਂ ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਅਧਾਰ 'ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਲਈ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀ ਸਬੰਧੀ ਆਪਣੀ ਪ੍ਰਤੀ ਬੇਨਤੀ (ਦਸਤਾਵੇਜ਼) ਦੀ ਫਾਈਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ, ਯੂਥ ਹੋਸਟਲ, ਪਟਿਆਲਾ ਵਿਖੇ 31 ਦਸੰਬਰ 2022 ਤੱਕ ਭੇਜ ਸਕਦੇ ਹਨ।