ਪਟਿਆਲਾ :ਹਥਿਆਰਬੰਦ ਸੈਨਾਵਾਂ ਝੰਡਾ ਦਿਵਸ' ਮੌਕੇ ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
- ਪਟਿਆਲਾ ਜ਼ਿਲ੍ਹੇ ਦੇ 8 ਸਾਬਕਾ ਸੈਨਿਕਾਂ ਤੇ ਸੈਨਿਕ ਪਰਿਵਾਰਾਂ ਦਾ ਕੀਤਾ ਸਨਮਾਨ
ਜੀ ਐਸ ਪੰਨੂ
ਪਟਿਆਲਾ, 7 ਦਸੰਬਰ 2022: ਦੇਸ਼ ਦੀ ਸੁਰੱਖਿਆ ਕਰ ਰਹੀਆਂ ਹਥਿਆਰਬੰਦ ਸੈਨਾਵਾਂ ਪ੍ਰਤੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਫ਼ੌਜੀ ਸ਼ਹੀਦਾਂ ਦਾ ਸਨਮਾਨ ਕਰਨ ਲਈ ਜ਼ਿਲ੍ਹਾਂ ਪ੍ਰਸ਼ਾਸ਼ਣ ਵੱਲੋਂ ਅੱਜ 'ਹਥਿਆਰਬੰਦ ਸੈਨਾਵਾਂ ਝੰਡਾ ਦਿਵਸ' ਮਨਾਇਆ ਗਿਆ। ਇਸ ਮੌਕੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਵਸਨੀਕ 8 ਸਾਬਕਾ ਸੈਨਿਕਾਂ ਅਤੇ ਸੈਨਿਕ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਸਨਮਾਨਤ ਕੀਤਾ।
ਝੰਡਾ ਦਿਵਸ ਮੌਕੇ ਮਣਕੂ ਐਗਰੋ ਟੈਕ ਸਮਾਣਾ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦਸ ਲੱਖ ਰੁਪਏ, ਜਯੋਤੀ ਥ੍ਰੈਡਜ਼ ਸਮਾਣਾ ਦੇ ਡਾਇਰੈਕਟਰ ਮਦਨ ਲਾਲ ਸਿੰਗਲਾ ਨੇ ਪੰਜ ਲੱਖ ਰੁਪਏ, ਜੀ.ਸੀ. ਥ੍ਰੈਡਜ਼ ਸਮਾਣਾ ਦੇ ਡਾਇਰੈਕਟਰ ਰਾਮੇਸ਼ ਗਰਗ ਨੇ ਦੋ ਲੱਖ ਰੁਪਏ ਅਤੇ ਸੀ.ਏ. ਰਾਜੇਸ਼ ਗੁਪਤਾ ਅਤੇ ਚਾਰਡਟ ਅਕਾਊਂਟੈਂਟਸ ਸਮਾਣਾ ਨੇ ਵੀ ਵਿੱਤੀ ਯੋਗਦਾਨ ਪਾਇਆ। ਜਦਕਿ ਵਿਧਾਇਕ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਨੇ ਝੰਡਾ ਦਿਵਸ ਲਈ ਯੂ.ਪੀ.ਆਈ. ਰਾਹੀਂ ਆਨਲਾਈਨ ਪੇਮੇਂਟ ਕਰਕੇ ਦਾਨ ਦਿੱਤਾ।
ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੌਜੂਦਾ ਤੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਆਸ਼ਰਿਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸਤਾ ਲਈ ਆਪਣੀ ਜਿੰਦਗੀ ਵਾਰਨ ਵਾਲੇ ਆਪਣੇ ਸੂਰਬੀਰ ਸੈਨਿਕਾਂ 'ਤੇ ਸਾਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਸਾਡੇ ਮਨਾਂ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਪੀਲ ਕੀਤੀ ਕਿ ਆਪਣੇ ਸ਼ਹੀਦ ਤੇ ਮੌਜੂਦਾ ਸੈਨਿਕਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅੱਗੇ ਆਉਂਦੇ ਹੋਏ ਸਾਨੂੰ ਝੰਡਾ ਦਿਵਸ ਲਈ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ। ਡੀ.ਸੀ. ਨੇ ਝੰਡਾ ਦਿਵਸ ਲਈ ਦਾਨ ਕਰਨ ਵਾਲੇ ਉਦਯੋਗਪਤੀਆਂ ਨੂੰ ਸ਼ਲਾਘਾ ਪੱਤਰ ਦੇਕੇ ਸਨਮਾਨਤ ਵੀ ਕੀਤਾ।
ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ) ਐਮ.ਐਸ. ਰੰਧਾਵਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਸੈਨਿਕ ਭਲਾਈ ਦਫ਼ਤਰ ਦੇ ਸੁਪਰਡੈਂਟ ਪਰਮਜੀਤ ਸਿੰਘ ਤੇ ਸਟੈਨੋ ਹਰਵਿੰਦਰ ਸਿੰਘ ਵੀ ਮੌਜੂਦ ਸਨ।