ਸਰਕਾਰੀ ਕਾਲਜ਼ ਮਲੇਰਕੋਟਲਾ ਵਿਖੇ ਮਨੁੱਖ ਅਤੇ ਵਾਤਾਵਰਣ ਵਿਸ਼ੇ 'ਤੇ ਭਾਸ਼ਣ
- ਅਜੋਕੇ ਦੌਰ ਵਿੱਚ ਖਾ਼ਸਕਰ ਆਰਥਿਕ ਤੌਰ ਤੇ ਘੱਟ ਵਿਕਸਿਤ ਦੇਸਾਂ ਵਿੱਚ ਮਨੁੱਖ ਅਤੇ ਵਾਤਾਵਰਨ ਦਾ ਆਪਸੀ ਸੰਬੰਧ ਲਗਾਤਾਰ ਵਿਗੜ ਰਿਹਾ--ਪ੍ਰਿੰਸੀਪਲ ਡਾ ਜਰਨੈਲ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 7 ਦਸੰਬਰ 2022, ਸਰਕਾਰੀ ਕਾਲਜ਼ ਵਿਖੇ ਪ੍ਰਿੰਸੀਪਲ ਪ੍ਰੋਫੈਸਰ ( ਡਾ.) ਬਰਜਿੰਦਰ ਸ਼ਿੰਘ ਟੌਹੜਾ ਦੀ ਅਗਵਾਈ ਹੇਠ ਭੂਗੋਲ ਵਿਭਾਗ ਵੱਲੋਂ ਮਨੁੱਖ ਅਤੇ ਵਾਤਾਵਰਣ ਵਿਸ਼ੇ ਉੱਤੇ ਵਿਸਤਾਰ ਭਾਸ਼ਣ ਕਰਵਾਇਆ ਗਿਆ | ਜਿਸ ਭਾਸ਼ਣ ਦੇ ਮੁੱਖ ਵਕਤਾ ਡਾ. ਜਰਨੈਲ ਸਿੰਘ ਧਾਲੀਵਾਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ ( ਸੰਗਰੂਰ ) ਜੀ ਨੇ ਸ਼ਿਰਕਤ ਕੀਤੀ | ਪ੍ਰਿੰਸੀਪਲ ਪ੍ਰੋ. ਡਾ. ਬਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਨੁੱਖ ਅਤੇ ਵਾਤਾਵਰਨ ਅਹਿਮ ਮੁੱਦਾ ਹੈ ਕਿਉਂਕਿ ਸਾਡਾ ਆਲਾ ਦੁਆਲਾ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ ਹੈ ਅਤੇ ਅਜਿਹੇ ਭਾਸ਼ਣ ਵਿਦਿਆਰਥੀਆਂ ਵਿੱਚ ਵਾਤਾਵਰਨ ਬਾਰੇ ਸਮਝ ਅਤੇ ਸੰਭਾਲ ਦੇ ਲਈ ਉਸਾਰੂ ਸੋਚ ਪੈਦਾ ਕਰਨ ਲਈ ਜਰੂਰੀ ਹਨ। ਪ੍ਰਿੰਸੀਪਲ ਡਾ ਜਰਨੈਲ ਸਿੰਘ ਧਾਲੀਵਾਲ ਨੇ ਆਪਣੇ ਭਾਸ਼ਣ ਵਿੱਚ ਮਨੁੱਖ ਦੇ ਵਾਤਾਵਰਣ ਨਾਲ ਗਹਿਰੇ ਸੰਬੰਧ ਦੀਆਂ ਵੱਖ ਵੱਖ ਪਰਤਾਂ ਨੂੰ ਇਤਿਹਾਸ ਨਾਲ ਜੋੜ ਕੇ ਭੂਗੋਲਿਕ ਹੱਦਾਂ ਦੇ ਵਖਰੇਵਿਆਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਖਾ਼ਸਕਰ ਆਰਥਿਕ ਤੌਰ ਤੇ ਘੱਟ ਵਿਕਸਿਤ ਦੇਸਾਂ ਵਿੱਚ ਮਨੁੱਖ ਅਤੇ ਵਾਤਾਵਰਨ ਦਾ ਆਪਸੀ ਸੰਬੰਧ ਲਗਾਤਾਰ ਵਿਗੜ ਰਿਹਾ ਹੈ।
ਭੂਗੋਲਿਕ ਹਾਲਤਾਂ ਤੋਂ ਉਲਟ ਫਸਲਾਂ ਅਤੇ ਲੋੜ ਤੋਂ ਵੱਧ ਰਸਾਇਣਾ ਦੀ ਵਰਤੋਂ ਮਿੱਟੀਆਂ ਨੂੰ, ਉਦਯੋਗਾਂ ਦਾ ਜਹਿਰੀਲਾ ਪਾਣੀ ਦਰਿਆਂਵਾਂ ਨੂੰ ਅਤੇ ਚਿਮਨੀਆਂ ਅਤੇ ਵਹੀਕਲਾ ਚੋਂ ਨਿੱਕਲਦਾ ਧੂੰਆ ਹਵਾ ਨੂੰ ਦੂਸਿਤ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਸਭ ਨਿੱਜੀ ਲਾਲਚ ਅਤੇ ਖਾਸਕਰ ਵਾਤਾਵਰਨ ਬਾਰੇ ਸਮਝ ਦੀ ਘਾਟ ਕਾਰਨ ਵਾਪਰ ਰਿਹਾ ਹੈ। ਆਰਥਿਕ ਤੌਰ ਤੇ ਵਿਕਸਿਤ ਦੇਸਾਂ ਵਿੱਚ ਲੋਕ ਜਾਗਰੁਕ ਹਨ ਉਹ ਜਾਣਦੇ ਹਨ ਕਿ ਸਾਡਾ ਖਾਣ-ਪੀਣ, ਰਹਿਣ-ਸਹਿਣ ਅਤੇ ਰੀਤੀ-ਰਿਵਾਜ਼ ਸਭ ਸਾਡੇ ਵਾਤਾਵਰਨ ਦੀ ਹੀ ਦੇਣ ਹਨ ਇਸੇ ਕਾਰਨ ਉਹ ਵਾਤਾਵਰਨ ਦੀ ਕਦਰ ਕਰਦੇ ਹਨ। ਉਨਾਂ ਕਿਹਾ ਕਿ ਅੱਜ ਜਿੱਥੇ ਕਿਤੇ ਵੀ ਮਨੁੱਖ ਅਤੇ ਵਾਤਾਵਰਨ ਦਾ ਆਪਸੀ ਸੰਬੰਧ ਵਿਗੜ ਰਿਹਾ ਹੈ ਉੱਥੇ ਇਹ ਸਮਝਣ ਉਪਜਾਉਣ ਦੀ ਲੋੜ ਹੈ ਜਿੰਨਾ ਅਸੀਂ ਆਪਣੇ ਆਪ ਨੂੰ ਸਾਫ਼-ਸੁੱਥਰਾ ਰੱਖਦੇ ਆਂ ਸਾਡਾ ਵਾਤਾਵਰਨ ਵੀ ਉੱਨਾ ਹੀ ਸਾਫ਼ ਰੱਖਿਆ ਜਾਣਾ ਚਾਹੀਦਾ ਹੈ ਇਸ ਬਾਰੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਚਰਡ ਹਾਰਟਸ਼ੋਨ ਵਰਗੇ ਭੂਗੋਲ ਵਿਗਿਆਨੀਆਂ ਦੀਆਂ ਮਿਸਾਲਾਂ ਦੇ ਕੇ ਜਾਣੂ ਕਰਵਾਇਆ ਤੇ ਦੱਸਿਆ ਕਿ ਅਸਲ ਵਿੱਚ ਵਾਤਾਵਰਨ ਹੀ ਮਨੁੱਖ ਦਾ ਅਸਲ ਘਰ ਹੈ। ਅੰਤ ਵਿੱਚ ਪ੍ਰੋ.(ਡਾ.) ਮਹੁੰਮਦ ਸਕੀਲ ਨੇ ਅੱਜ ਦੇ ਮੁੱਖ ਵਕਤਾ ਡਾ. ਜਰਨੈਲ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕੀਤਾ।
ਕਾਬਿਲੇ ਗੌਰ ਹੈ ਪਹਿਲੀ ਵਾਰ ਪਦ ਉੱਨਤ ਹੋਣ ਤੋਂ ਬਾਅਦ ਬਤੌਰ ਪ੍ਰਿੰਸੀਪਲ ਸਰਕਾਰੀ ਕਾਲਜ, ਮਾਲੇਰਕੋਟਲਾ ਸੇਵਾ ਨਿਭਾਉਣ ਦਾ ਮੌਕਾ ਮਿਲਣ ਤੇ ਡਾ ਜਰਨੈਲ ਸਿੰਘ ਧਾਲੀਵਾਲ ਜੀ ਵੱਲੋਂ ਆਪਣੇ ਪਿਤਾ ਸਵ. ਲਾਭ ਸਿੰਘ ਧਾਲੀਵਾਲ ਜੀ ਦੀ ਯਾਦ ਵਿੱਚ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਭੂਗੋਲ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ਸ਼ਕਾਲਰਸਿੱਪ ਸੁ਼ਰੂ ਕਰਨ ਲਈ ਵਿੱਤੀ ਸਹਾਇਤਾ ਵੀ ਦੇਕੇ ਗਏ ਹਨ ਉੱਨਾ ਦੇ ਇਸ ਕਾਰਜ ਦੀ ਸਲਾਘਾ ਕਰਦਿਆਂ ਵੀ ਪ੍ਰਿੰਸੀਪਲ ਡਾ. ਬਰਜਿੰਦਰ ਸਿੰਘ ਟੌਹੜਾ ਜੀ ਵੱਲੋਂ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਵਿਦਿਆਰਥੀ ਅਤੇ ਪੋ੍ ਰਣਜੀਤ ਸਿੰਘ ਧਨੋਆ , ਪੋ੍ ਇਕਰਾਮ ਉਰ ਰਹਿਮਾਨ, ਪ੍ਰੋ ਸੁਖਵੀਰ ਸਿੰਘ, ਪ੍ਰੋ ਜਗਧੀਰ ਸਿੰਘ, ਪ੍ਰੋ ਮਨਪ੍ਰੀਤ ਸਿੰਘ ਚਹਿਲ ਆਦਿ ਪ੍ਰੋਫੈਸਰ ਸਹਿਬਾਨ ਵੀ ਹਾਜ਼ਰ ਸਨ।