ਨਗਰ ਪੰਚਾਇਤ ਅਮਰਗੜ੍ਹ ਦੇ 11 ਅਤੇ ਨਗਰ ਕੌਂਸਲ ਅਹਿਮਦਗੜ੍ਹ ਦੇ 90 ਲਾਭਪਾਤਰੀਆਂ ਨੂੰ ਮਕਾਨ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਦਿੱਤਾ ਆਖਰੀ ਮੌਕਾ
- ਸੂਚੀਆਂ ਸਬੰਧਤ ਦਫ਼ਤਰਾਂ ਦੇ ਨੋਟਿਸ ਬੋਰਡਾਂ ਤੋਂ ਇਲਾਵਾ ਵੈਬਸਾਈਟਾਂ ਉੱਪਰ ਹੋਈਆਂ ਅਪਲੋਡ-ਕਾਰਜ ਸਾਧਕ ਅਫ਼ਸਰ
- ਨਿਸ਼ਚਤ 15 ਦਿਨਾਂ ਅੰਦਰ ਮਕਾਨ ਦੀ ਉਸਾਰੀ ਸ਼ੁਰੂ ਨਾ ਕਰਵਾਉਣ 'ਤੇ ਲਾਭਪਾਤਰੀਆਂ ਨੂੰ ਲਾਭਾਂ ਤੋਂ ਹੋਣਾ ਪਵੇਗਾ ਵੰਚਿਤ
ਮਲੇਰਕੋਟਲਾ 7 ਦਸੰਬਰ 2022: ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਅਮਰਗੜ੍ਹ ਅਤੇ ਨਗਰ ਕੌਂਸਲ ਅਹਿਮਦਗੜ੍ਹ ਸ੍ਰੀ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਪੰਚਾਇਤ ਅਮਰਗੜ੍ਹ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਤਹਿਤ ਵੱਖ-ਵੱਖ ਸਰਵੇ ਇਸ ਦਫ਼ਤਰ ਦੇ ਸਟਾਫ਼ ਅਤੇ ਸਰਕਾਰ ਵੱਲੋਂ ਨਿਯੁਕਤ ਕੀਤੇ ਸੀ.ਐਲ.ਟੀ.ਸੀ. ਵੱਲੋਂ ਕਰਵਾਇਆ ਗਿਆ ਸੀ। ਇਸ ਸਰਵੇ ਉਪਰੰਤ 46 ਯੋਗ ਲਾਭਪਾਤਰੀਆਂ ਦੀ ਪਛਾਣ ਆਪਣੇ ਮਕਾਨ ਦੀ ਉਸਾਰੀ ਕਰਨ ਲਈ ਕੀਤੀ ਗਈ ਸੀ। ਇਹਨਾਂ ਲਾਭਪਾਤਰੀਆਂ ਵਿਚੋਂ 35 ਲਾਭਪਾਤਰੀਆਂ ਵੱਲੋਂ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਸ਼ੂਰੁ ਕੀਤਾ ਗਿਆ ਸੀ, ਜਿੰਨ੍ਹਾਂ ਨੂੰ ਵੱਖ-ਵੱਖ ਸਮੇਂ 'ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦੀ ਰਕਮ ਦੀਆਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਹਨਾਂ 46 ਲਾਭਪਾਤਰੀਆਂ ਵਿੱਚੋਂ 11 ਲਾਭਪਾਤਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜੇ ਤੱਕ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਸਲ ਅਹਿਮਦਗੜ੍ਹ ਵੱਲੋਂ ਕੀਤੇ ਸਰਵੇ ਉਪਰੰਤ 321 ਯੋਗ ਲਾਭਪਾਤਰੀਆਂ ਦੀ ਪਛਾਣ ਆਪਣੇ ਮਕਾਨ ਦੀ ਉਸਾਰੀ ਕਰਨ ਲਈ ਕੀਤੀ ਗਈ ਸੀ।ਇਨ੍ਹਾਂ ਲਾਭਪਾਤਰੀਆਂ ਵਿਚੋਂ 231 ਲਾਭਪਾਤਰੀਆਂ ਵੱਲੋਂ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਸ਼ੂਰੁ ਕੀਤਾ ਗਿਆ ਸੀ, ਜਿੰਨਾਂ ਨੂੰ ਵੱਖ-ਵੱਖ ਸਮੇਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦੀ ਰਕਮ ਦੀਆਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਨ੍ਹਾਂ 321 ਲਾਭਪਾਤਰੀਆਂ ਵਿੱਚੋਂ 90 ਲਾਭਪਾਤਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜੇ ਤੱਕ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਕਾਨ ਦੀ ਉਸਾਰੀ ਸ਼ੁਰੂ ਨਾ ਕਰਵਾਉਣ ਵਾਲੇ ਨਗਰ ਪੰਚਾਇਤ ਅਮਰਗੜ੍ਹ ਦੇ 11 ਲਾਭਪਾਤਰੀਆਂ ਅਤੇ ਨਗਰ ਕੌਂਸਲ ਅਹਿਮਦਗੜ੍ਹ ਦੇ 90 ਲਾਭਪਾਤਰੀਆਂ ਦੀ ਲਿਸਟ ਸਬੰਧਤ ਦਫ਼ਤਰਾਂ ਭਾਵ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਅਮਰਗੜ੍ਹ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਹਿਮਦਗੜ੍ਹ ਦੇ ਨੋਟਿਸ ਬੋਰਡਾਂ ਅਤੇ ਇਨ੍ਹਾਂ ਦਫ਼ਤਰਾਂ ਦੀਆਂ ਵੈਬਸਾਈਟਾਂ ਉੱਪਰ ਪਬਲਿਸ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਇਹ ਆਖਰੀ ਮੌਕਾ ਦਿੱਤਾ ਗਿਆ ਹੈ ਕਿ ਉਹ ਨੋਟਿਸ ਛਪਣ ਦੇ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਉਕਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਤਹਿਤ ਮਿਲਣ ਵਾਲੇ ਲਾਭਾਂ ਤੋਂ ਵੰਚਿਤ ਕਰ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਲਿਖ ਦਿੱਤਾ ਜਾਵੇਗਾ ਕਿ ਉਕਤ ਲਾਭਪਾਤਰੀ ਇਸ ਸਕੀਮ ਦਾ ਲਾਭ ਲੈਣਾ ਨਹੀਂ ਚਹੁੰਦੇ।