ਰੂਪਨਗਰ ਸਰਕਾਰੀ ਕਾਲਜ ਵਿਖੇ ਸੜਕ ਸੁਰੱਖਿਆ ਅਭਿਆਨ ਤਹਿਤ ਸਟਾਫ ਮੈਂਬਰਾਂ ਨੇ ਚੁੱਕੀ ਸਹੁੰ
ਹਰੀਸ਼ ਕਾਲੜਾ
ਰੂਪਨਗਰ, 09 ਦਸੰਬਰ 2022: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਜਾਗਰੂਕਤਾ ਪੰਦਰਵਾੜਾ ਦੇ ਤਹਿਤ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਮੂਹ ਸਟਾਫ ਮੈਂਬਰਾ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁੱਕੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਸਾਨੂੰ ਟ੍ਰੈਫਿਕ ਸਬੰਧੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਇਹਨਾਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣ ਦੀ ਅਪੀਲ ਕੀਤੀ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਨਿਰਮਲ ਸਿੰਘ ਬਰਾੜ ਨੇ ਮਨਾਏ ਜਾ ਰਹੇ ਜਾਗਰੂਕਤਾ ਪੰਦਰਵਾੜਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਡਾ. ਦਲਵਿੰਦਰ ਸਿੰਘ ਨੇ ਸਮੂਹ ਸਟਾਫ ਮੈਂਬਰਾ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ, ਹੈਲਮੈਟ ਪਹਿਨਣ, ਸੀਟ ਬੇਲਟ ਦਾ ਪ੍ਰਯੋਗ ਕਰਨ, ਮੋਬਾਈਲ ਦੀ ਵਰਤੋ ਨਾ ਕਰਨ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਪਹਿਲਾਂ ਲੰਘਣ ਲਈ ਰਸਤਾ ਦੇਣ ਸਬੰਧੀ ਸਹੁੰ ਚੁਕਾਈ।
ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਡਾ. ਜਤਿੰਦਰ ਕੁਮਾਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ।