ਰੂਪਨਗਰ ਨਗਰ ਕੌਂਸਲ ਨੇ ਕੂੜੇ ਦੇ ਪ੍ਰਬੰਧਨ ਲਈ ਮੈਕਸ ਸਪੈਸ਼ਲਿਟੀ ਪ੍ਰਾਇਵੇਟ ਲਿਮੀਟਿਡ ਨਾਲ ਇਕਰਾਰਨਾਮਾ ਕੀਤਾ
- ਪਲਾਸਟਿਕ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੰਪਨੀ ਨੂੰ ਵੇਚੀ ਜਾਵੇਗੀ
- ਰੂਪਨਗਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਉਲੀਕਿਆ ਜਾਵੇਗਾ: ਐਡੋਕੇਟ ਦਿਨੇਸ਼ ਚੱਢਾ
ਹਰੀਸ਼ ਕਾਲੜਾ
ਰੂਪਨਗਰ, 9 ਦਸੰਬਰ 2022: ਜ਼ਿਲ੍ਹੇ ਵਿੱਚ ਕੂੜੇ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਗਰ ਕੌਂਸਲ ਰੂਪਨਗਰ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆ ਤਹਿਤ ਨਗਰ ਕੌਂਸਲ ਰੂਪਨਗਰ ਨੇ ਮੈਕਸ ਸਪੈਸ਼ਲਿਟੀ ਪ੍ਰਾਇਵੇਟ ਲਿਮੀਟਿਡ ਨਾਲ ਇਕਰਾਰਨਾਮਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਚੱਢਾ ਨੇ ਦੱਸਿਆ ਕਿ ਸ਼ਹਿਰ ਵਿੱਚ ਕੂੜਾ-ਕਰਕਟ ਦੇ ਪ੍ਰਬੰਧਨ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਲੰਬਿਤ ਪਈਆਂ ਹਨ। ਇਨ੍ਹਾ ਦੇ ਹੱਲ ਲਈ ਮੈਕਸ ਸਪੈਸ਼ਲਿਟੀ ਪ੍ਰਾਇਵੇਟ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਇਸ ਨਾਲ ਸ਼ਹਿਰ ਵਿੱਚ ਗੰਦਗੀ ਤੋਂ ਨਿਜ਼ਾਤ ਪਾਉਣ ਲਈ ਸਹਾਇਤਾ ਮਿਲੇਗੀ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਨਗਰ ਕੌਂਸਲ ਰੂਪਨਗਰ ਕੂੜੇ ਵਿੱਚੋਂ ਪਲਾਸਟਿਕ ਨੂੰ ਅਲੱਗ ਕਰਕੇ ਇਸ ਕੰਪਨੀ ਨੂੰ ਸਪਲਾਈ ਕਰੇਗੀ। ਜਿਸ ਉਪਰੰਤ ਨਗਰ ਕੌਂਸਲ ਕੂੜੇ ਵਿਚੋਂ ਅਲੱਗ ਕੀਤੀ ਗਈ ਪਲਾਸਟਿਕ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੰਪਨੀ ਨੂੰ ਵੇਚੀ ਜਾਵੇਗੀ।
ਇਸ ਨਾਲ ਜਿੱਥੇ ਕੂੜੇ ਦੀ ਸਮੱਸਿਆ ਵਿੱਚ ਕਮੀ ਆਵੇਗੀ ਉੱਥੇ ਹੀ ਇਹ ਨਗਰ ਕੌਂਸਲ ਦੀ ਆਮਦਨ ਅਤੇ ਕਮਾਈ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਗਿੱਲਾ ਕੂੜਾ ਅਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਦੀਆਂ ਵਿੱਧੀਆਂ ਵਿੱਚ ਵੀ ਸੁਧਾਰ ਕੀਤਾ ਗਿਆ ਹੈ। ਸ਼ਹਿਰ ਵਿਚ ਗਿੱਲਾ ਕੂੜਾ ਪਾਉਣ ਲਈ ਕੰਪੋਜ਼ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਨਗਰ ਕੌਂਸਲ ਵਲੋਂ ਇਸ ਤੋਂ ਪਹਿਲਾ ਇੱਕ ਆਈ.ਪੀ.ਸੀ.ਏ ਕੰਪਨੀ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ ਹੁਣ ਇਨ੍ਹਾਂ ਦੋਵਾਂ ਕੰਪਨੀਆਂ ਦਾ ਨਾਲ ਮਿਲ ਕੇ ਸ਼ਹਿਰ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 15 ਟਨ ਤੱਕ ਵੇਸਟ ਪਲਾਸਟਿਕ ਕੰਪਨੀਆਂ ਨੂੰ ਦਿੱਤੀ ਜਾ ਚੁੱਕੀ ਹੈ।
ਐਡਵੋਕੇਟ ਚੱਡਾ ਨੇ ਕਿਹਾ ਕਿ ਇਸ ਨਾਲ ਸ਼ਹਿਰ ਦੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਜਿਸ ਨਾਲ ਜ਼ਿਲ੍ਹਾ ਰੂਪਨਗਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਉਲੀਕਿਆ ਜਾਵੇਗਾ। ਜਿਸ ਨਾਲ ਇਲਾਕੇ ਦੀ ਜਲਦ ਨੁਹਾਰ ਬਦਲ ਜਾਵੇਗੀ ਅਤੇ ਨਗਰ ਕੌਂਸਲ ਦੀ ਆਮਦਨ ਵੀ ਵਧੇਗੀ।
ਉਨਾਂ ਕਿਹਾ ਕਿ ਜ਼ਿਲੇ ਦੇ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।