ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੇ ਕਰਵਾਇਆ ਸੈਮੀਨਾਰ
- ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਦਿੱਤੀ ਅਹਿਮ ਜਾਣਕਾਰੀ, ਚੁਕਵਾਈ ਸਹੁੰ
ਰੋਹਿਤ ਗੁਪਤਾ
ਗੁਰਦਾਸਪੁਰ, 9 ਦਸੰਬਰ 2022 - ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਮੁੱਖ ਦਫਤਰ ਵਿਖੇ ਜਾਗੂਰਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਸੁਰਜੀਤ ਸਿੰਘ ਨੇ ਪਹੁੰਚ ਕੇ ਸਮੂਹ ਸਟਾਫ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਅਪੀਲ ਕੀਤੀ। ਉਨਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਕਾਰਨ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ। ਜਿਨਾਂ ਨੂੰ ਰੋਕਣ ਲਈ ਹਰੇਕ ਵਿਅਕਤੀ ਨੂੰ ਗੰਭੀਰ ਹੋਣ ਦੀ ਲੋੜ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਨੇ ਵੀ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਖੁੱਦ ਵੀ ਆਵਾਜਾਈ ਨਿਯਮਾਂ ਦੀ ਯਕੀਨਨ ਤੌਰ `ਤੇ ਪਾਲਣਾ ਕਰਨ ਅਤੇ ਆਪਣੇ ਪਰਿਵਾਰਾਂ, ਦੋਸਤਾਂ ਮਿੱਤਰਾਂ ਨੂੰ ਵੀ ਨਿਯਮਾਂ ਦੀ ਪਾਲਣ ਕਰਨ ਸਬੰਧੀ ਅਪੀਲ ਕਰਨ। ਉਨਾਂ ਸਮੂੁਹ ਸਟਾਫ ਨੂੰ ਸਹੁੰ ਚੁਕਵਾਈ ਕਿ ਉਹ ਸ਼ਰਾਬ ਦਾ ਸੇਵਨ ਕਰਕੇ ਵਾਹਨ ਨਹੀ ਚਲਾਉਣਗੇ ਅਤੇ ਨਾ ਹੀ ਵਾਹਨ ਚਲਾਉਣ ਮੌਕੇ ਮੋਬਾਇਲ ਫੋਨ ਦੀ ਵਰਤੋਂ ਕੀਤੀ ਜਾਵੇਗੀ। ਇਸ ਤਰਾਂ ਹੈਲਮੈਂਟ ਅਤੇ ਸੀਟ ਬੈਲਟ ਦੀ ਵਰਤੋਂ ਕਰਨ ਦਾ ਅਹਿੱਦ ਵੀ ਲਿਆ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ, ਡਾ, ਸੰਜੀਵ ਸ਼ਰਮਾ, ਡਾ. ਹਰਪਿੰਦਰ ਸਿੰਘ, ਡਾ. ਰਵਿੰਦਰ ਸਿੰਘ ਸਮੇਤ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।