11 ਫਰਵਰੀ ਦੀ ਜੋਨਲ ਕਨਵੈਨਸ਼ਨ ਵਿੱਚ ਸਮੂੰਹ ਇੰਜੀਨੀਅਰ ਕਰਨਗੇ ਸ਼ਮੂਲੀਅਤ
ਪਾਵਰ ਕਾਰਪੋਰੇਸ਼ਨ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਜੂਨੀਅਰ ਇੰਜੀਨੀਅਰ, ਪਾਵਰ ਕਾਰਪੋਰੇਸ਼ਨ ਦੀਆਂ ਗਲਤ ਨੀਤੀਆਂ ਤੋਂ ਪੀੜਤ ਕਰਮਚਾਰੀ ਹਨ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ 2023 : ਅਫਸਰਸ਼ਾਹੀ ਜਿਸ ਨੂੰ ਹਮੇਸ਼ਾ ਜਮੀਨੀ ਹਕੀਕਤ ਦੀ ਕੋਈ ਸਮਝ ਨਹੀਂ, ਸਿਰਫ ਸੋਸ਼ਲ ਮੀਡੀਆ ਤੇ ਪਾਵਰਕਾਮ ਚਲਾ ਰਹੀ ਹੈ । ਉਸ ਨੂੰ ਜੇ. ਈ. ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀ ਹੈ| ਜੇ ਈਜ ਦੀਆਂ ਮੁਸ਼ਕਲਾਂ ਦੇ ਹੱਲ ਲਈ ਜਥੇਬੰਦਕ ਏਕਤਾ ਮਜ਼ਬੂਤ ਕਰਨਾ ਹੀ ਇਕੋ ਇਕ ਹੱਲ ਹੈ| ਜੇ ਈ ਕੌਂਸਲ ਦੀ ਮਜ਼ਬੂਤੀ ਦੇ ਮੰਤਵ ਲਈ 11 ਫਰਵਰੀ, 2023 ਨੂੰ ਅੰਮ੍ਰਿਤਸਰ ਵਿਖੇ ਜ਼ੋਨ ਪੱਧਰੀ ਕਨਵੈਂਸ਼ਨ ਕੀਤੀ ਜਾ ਰਹੀ ਹੈ , ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਇੰਜੀਨੀਅਰ ਸ਼ਮੂਲੀਅਤ ਕਰਨਗੇ | ਇਹ ਜਾਣਕਾਰੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਤਿੰਦਰ ਸ਼ਰਮਾ ਅਤੇ ਵਿਮਲ ਕੁਮਾਰ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਦਿੱਤੀ| ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਉਚੇਚੇ ਤੌਰ ਤੇ ਪਹੁੰਚੇ ਸੂਬਾ ਆਗੂ ਇੰਜੀ: ਜਗਦੀਸ਼ ਸਿੰਘ ਬਾਜਵਾ, ਸਰਕਲ ਆਗੂ ਇੰਜੀ: ਹਿਰਦੇਪਾਲ ਸਿੰਘ ਬਾਜਵਾ, ਇੰਜੀ: ਬਲਦੇਵ ਰਾਜ, ਇੰਜੀ: ਗੁਰਮੀਤ ਸਿੰਘ, ਇੰਜ ਤਰਸੇਮ ਲਾਲ, ਇੰਜੀ ਚੰਦਰ ਮੋਹਨ , ਇੰਜੀਨੀਅਰ ਮਨੋਜ ਕੁਮਾਰ, ਇੰਜੀ: ਗੁਲਜ਼ਾਰ ਸਿੰਘ, ਇੰਜ ਰਾਜ ਕੁਮਾਰ, ਇੰਜੀ: ਰਜਤ ਸ਼ਰਮਾ, ਇੰਜ ਬਲਵਿੰਦਰ ਸਿੰਘ, ਇੰਜ ਵਿਨੋਦ ਕੁਮਾਰ, ਇੰਜ ਕੁਲਜੀਤ ਪਾਲ ਜੇ ਈ , ਇੰਜ ਸੁਖਦੇਵ ਸਿੰਘ ਕਾਲਾ ਨੰਗਲ,ਆਦਿ ਸ਼ਾਮਲ ਹੋਏ| ਇੰਜ ਵਿਮਲ ਕੁਮਾਰ ਅਤੇ ਇੰਜੀਨੀਅਰ ਜਗਦੀਸ਼ ਬਾਜਵਾ ਨੇ ਦੱਸਿਆ ਕਿ ਜੇ ਈ ਦੀ ਮੁਢਲੀ ਤਨਖਾਹ ਵਿੱਚ ਵਾਧੇ ਦੀ ਮੰਗ ਸਿਧਾਂਤਕ ਤੌਰ ਤੇ ਪੰਜਾਬ ਸਰਕਾਰ ਅਤੇ ਪਾਵਰ ਮੈਨਜਮੈਂਟ ਵੱਲੋਂ ਪ੍ਰਵਾਨ ਕਰ ਲਈ ਗਈ ਹੈ ਪਰੰਤੂ ਦੋਖੀ ਸੋਚ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ । ਇਸ ਤਰਾਂ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਏਸੇ ਤਰਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਾਮ 5 ਵਜੇ ਤੋਂ ਬਾਅਦ ਛੁੱਟੀ ਹੁੰਦੀ ਹੈ ਪ੍ਰੰਤੂ ਜੇ ਈ ਨੂੰ ਰਾਤ ਨੂੰ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਜਲੀ ਚਾਲੂ ਕਰਨੀ ਪੈਂਦੀ ਹੈ। ਸਟਾਫ਼ ਦੀ ਘਾਟ ਹੈ। ਕੰਮ ਕਰਨ ਲਈ ਫੰਡਾਂ ਦੀ ਘਾਟ ਦੇ ਨਾਮ ਤੇ ਵਰਕਰਾਂ ਆਰਡਰ ਨਹੀਂ ਹੋ ਰਹੇ ਹਨ। ਗੁਰਦਾਸਪੁਰ ਮੰਡਲ ਅਧੀਨ ਤੇਲ ਚੋਰੀ ਦੀ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਰਹੀ ਹੈ ਤੇ ਤੇਲ ਚੋਰੀ ਦੀ ਰਕਮ ਜੇ ਈਜ ਦੇ ਖਾਤੇ ਵਿਚੋਂ ਕੱਢਣ ਲਈ ਮੰਡਲ ਦਫਤਰ ਗੁਰਦਾਸਪੁਰ ਜੇ ਈਜ ਨੂੰ ਖੱਜਲ ਖੁਆਰ ਕਰ ਰਿਹਾ ਹੈ,ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਇੰਜ ਜਤਿੰਦਰ ਸ਼ਰਮਾ ਨੇ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ 11 ਫਰਵਰੀ ਦੀ ਜੋਨਲ ਕਨਵੈਨਸ਼ਨ ਵਿੱਚ ਹਾਜ਼ਰੀ ਯਕੀਨੀ ਬਣਾਉਣ। ਇਸ ਮੌਕੇ ਜੇ ਈਜ ਕੌਂਸਲ ਦਾ ਸਾਲ 2023 ਕਲੈਂਡਰ ਵੀ ਜਾਰੀ ਕੀਤਾ ਗਿਆ।