ਖੇਤ ਦਾ ਪਾਣੀ ਤੇ ਰਾਹ ਰੋਕਣ ਵਾਲਿਆਂ ´ਤੇ ਕੇਸ ਦਰਜ ਕਰਵਾਉਣ ਲਈ ਧਰਨਾ ਦੇਣ ਦਾ ਫੈਸਲਾ
ਦਲਜੀਤ ਕੌਰ
ਚੰਡੀਗੜ੍ਹ, 4 ਫਰਵਰੀ, 2023: ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਲਾ ਬਠਿੰਡਾ ਦੀ ਮੀਟਿੰਗ ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਮਜ਼ਦੂਰ ਸਾਥੀਆਂ ਨੇ ਫੈਸਲਾ ਕੀਤਾ ਕਿ ਪਿੰਡ ਜੀਦਾ ਦੇ ਇਨਕਲਾਬੀ ਗੀਤਕਾਰ ਜਗਸੀਰ ਸਿੰਘ ਜੀਦਾ ਦੇ ਖੇਤ ਨੂੰ ਪਾਣੀ ਤੇ ਰਾਹ ਰੋਕਣ ਵਾਲੇ ਵਿਆਕਤੀਆਂ 'ਤੇ ਐਸੀ/ਐਸੀ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਲਈ ਐੱਸ ਐੱਸ ਪੀ ਬਠਿੰਡਾ ਦੇ ਦਫ਼ਤਰ ਅੱਗੇ 13 ਫਰਵਰੀ ਨੂੰ ਅਣਮਿੱਥੇ ਸਮੇਂ ਦਾ ਧਰਨਾ ਲਾਇਆ ਜਾਵੇਗਾ।
ਪ੍ਰੈੱਸ ਦੇ ਨਾ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਜਗਸੀਰ ਸਿੰਘ ਜੀਦਾ ਨੇ ਮਾਸਟਰ ਰਣਜੀਤ ਸਿੰਘ ਤੋਂ ਆਪਣੀ ਪਤਨੀ ਦੇ ਨਾਂ 'ਤੇ ਜਮੀਨ ਖਰੀਦੀ ਸੀ। ਰਜਿਸਟਰੀ ਵਿੱਚ ਖੇਤ ਨੂੰ ਪਾਣੀ ਤੇ ਰਾਹ ਆਦਿ ਦੇਣ ਦਾ ਵੇਰਵਾ ਵੀ ਦਰਜ਼ ਕੀਤਾ ਹੋਇਆ ਹੈ। ਰਣਜੀਤ ਸਿੰਘ ਨੇ ਇਹ ਜਮੀਨ ਕਿਸਾਨ ਛਿੰਦਰਪਾਲ ਸਿੰਘ ਤੋਂ ਖਰੀਦੀ ਸੀ। ਜਿੰਨ੍ਹਾ ਸਮਾਂ ਜਮੀਨ ਰਣਜੀਤ ਸਿੰਘ ਕੋਲ ਰਹੀ ਛਿੰਦਰਪਾਲ ਉਸ ਨੂੰ ਪਾਣੀ ਤੇ ਰਾਹ ਦਿੰਦਾ ਰਿਹਾ, ਪਰ ਹੁਣ ਜਦੋਂ ਜਮੀਨ ਜਗਸੀਰ ਸਿੰਘ ਨੇ ਖਰੀਦ ਲਈ ਤਾਂ ਕਿਸਾਨ ਛਿੰਦਰਪਾਲ ਸਿੰਘ ਨੇ ਪਿੰਡ ਦੇ ਹੀ ਜਾਤੀ ਹੰਕਾਰ ਨਾਲ ਨੱਕੋ ਨੱਕ ਭਰੇ ਤੇਜਾ ਸਿੰਘ ਵਗੈਰਾ ਦੇ ਟੇਟੇ ਚੜਕੇ ਉਸਦੇ ਖੇਤ ਦਾ ਰਾਹ ਤੇ ਪਾਣੀ ਬੰਦ ਕਰ ਦਿੱਤਾ ਹੈ। ਜਿਸ ਕਾਰਨ ਜਮੀਨ ਵਿੱਚ ਦੋ ਸੀਜਨਾਂ ਦੀ ਫਸਲ ਨਹੀਂ ਬੀਜੀ ਜਾ ਸਕੀ । ਇਹ ਧੱਕਾ ਤੇਜਾ ਸਿੰਘ ਹੋਰਾਂ ਵੱਲੋਂ ਇਸ ਕਰਕੇ ਕਰਵਾਇਆ ਜਾ ਰਿਹਾ ਹੈ, ਕਿਉਕਿ ਇਨਾਂ ਵਿਅਕਤੀਆਂ ਨੇ ਖੇਤੀ ਮੋਟਰਾਂ ਦੀਆ ਤਾਰਾਂ ਚੋਰੀ ਕਰਨ ਦੇ ਸ਼ੱਕ ਵਿੱਚ ਪਿੰਡ ਦੇ ਹੀ ਦਲਿਤ ਮਜ਼ਦੂਰਾਂ ਨੂੰ ਪਿੰਡ ਦੀ ਸੱਥ ਵਿੱਚ ਬੁਰੀ ਤਰਾਂ ਕਈ ਦਿਨ ਕੁੁੱਟਿਆ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰਕੇ ਜੇਲ ਵਿੱਚ ਬੰਦ ਕਰਵਾ ਦਿੱਤਾ ਸੀ। ਮਜ਼ਦੂਰਾਂ ਨਾਲ ਜਾਤ ਪਾਤ ਦੇ ਅਧਾਰ ਤੇ ਹੋਈ ਇਸ ਧੱਕੇਸ਼ਾਹੀ ਵਿਰੁੱਧ ਜਗਸੀਰ ਸਿੰਘ ਜੀਦਾ ਦੇ ਭਰਾ ਨੇ ਅਗਵਾਈ ਕਰਕੇ ਮਜ਼ਦੂਰਾਂ ਨੂੰ ਜੇਲਾਂ ਵਿੱਚੋਂ ਬਾਹਰ ਲਿਆਂਦਾ ਤੇ ਦੋਸ਼ੀ ਵਿਅਕਤੀਆਂ 'ਤੇ ਐਸੀ/ਐੱਸ ਟੀ ਐਕਟ ਦੀਆਂ ਧਰਾਵਾਂ ਹੇਠ ਪਰਚਾ ਦਰਜ ਕਰਵਾਇਆ ਸੀ। ਇਸ ਵਜਾ ਕਾਰਨ ਹੁਣ ਇਹ ਵਿਆਕਤੀ ਬਦਲਾ ਲਉ ਕਾਰਵਾਈ ਅਧੀਨ ਰਾਹ ਤੇ ਪਾਣੀ ਬੰਦ ਕਰਵਾ ਰਹੇ ਹਨ।
ਸੂਬਾ ਪ੍ਰਧਾਨ ਨੇ ਧਰਨਾ ਲਾਉਣ ਸਬੰਧੀ ਦੱਸਿਆ ਕਿ ਯੂਨੀਅਨ ਵੱਲੋਂ ਇਸ ਧੱਕੇ ਵਿਰੁੱਧ ਥਾਣਾ ਨਹੀਆ ਵਾਲਾ ਅੱਗੇ ਧਰਨੇ ਵੀ ਦਿੱਤੇ ਗਏ। ਡੀ ਐੱਸ ਪੀ ਅਤੇ ਐੱਸ ਐੱਸ ਪੀ ਨੂੰ ਮਿਲਿਆ ਗਿਆ। ਪੰਜਾਬ ਪੁਲਿਸ ਦੇ ਏ ਡੀ ਜੀ ਪੀ ਨਾਲ ਹੋਈਆਂ ਮੀਟਿੰਗਾ ਵਿੱਚ ਵੀ ਵਿਚਾਰ-ਚਰਚਾ ਹੋਈ, ਪਰ ਕਿਸੇ ਵੀ ਥਾਂ ਤੋਂ ਇਨਸਾਫ਼ ਨਹੀਂ ਮਿਲਿਆ। ਉਨਾਂ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀਆਂ 'ਤੇ ਐੱਸ/ਐੱਸਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਹੋਕੇ ਗ੍ਰਿਫਤਾਰ ਨਹੀਂ ਕਰ ਲਿਆ ਜਾਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨਾਂ ਮਜ਼ਦੂਰਾਂ ਤੇ ਕਿਸਾਨ ਭਰਾਵਾਂ ਨੂੰ ਵੱਡੀ ਗਿਣਤੀ ਨਾਲ ਧਰਨੇ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ।