ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਸ਼ਤਾਬਦੀ ਨੂੰ ਲੈ ਕੇ ਪੋਸਟਰ ਰਿਲੀਜ਼
- ਚੜ੍ਹਦੀਕਲਾ ਦਫ਼ਤਰ ਅਤੇ ਬਗੀਚੀ ਬੁੱਢਾ ਦਲ ਵਿਖੇ ਸ਼ਤਾਬਦੀ ਮਨਾਉਣ ਸਬੰਧੀ ਬਾਬਾ ਬਲਵੀਰ ਸਿੰਘ ਨਾਲ ਕੀਤਾ ਵਿਚਾਰ ਵਟਾਂਦਰਾ
ਜੀ ਐਸ ਪੰਨੂ
ਪਟਿਆਲਾ, 4 ਫਰਵਰੀ2023 :ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਕੌਮ ਦਾ ਉਹ ਜਰਨੈਲ ਹੈ, ਜਿਸਨੇ ਸਿੱਖਾਂ ਦੀ ਖਿਲਰੀ ਤਾਕਤ ਨੂੰ ਇੱਕ ਮੁੱਠ ਕਰਕੇ ਸਿੱਖ ਕੌਮ ਵਿਚ ਜੋਸ਼ ਭਰ ਕੇ ਪੰਜਾਬ ਤੇ ਦਿੱਲੀ ਦੀ ਧਰਤੀ ’ਤੇ ਖਾਲਸਾਈ ਝੰਡੇ ਝੁਲਾ ਕੇ ਆਪਣੀ ਸਿੱਖ ਰਾਜ ਦੀ ਨੀਂਹ ਸਥਾਪਤ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੰਚ ਸਿੱਖਾਂ ਨੇ ਜ਼ਾਲਮਾਂ ਨੂੰ ਦਿਨ ਵਿਚ ਤਾਰੇ ਦਿਖਾ ਦਿੱਤੇ। ਪੰਜਾਬ ’ਤੇ ਹਮਲਾ ਕਰਨ ਵਾਲੇ ਕਹਿੰਦੇ ਕਹਾਉਂਦੇ ਜਰਵਾਣਿਆ ਦੇ ਗਰੂਰ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਸੀ। ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈ. ਨੂੰ ਲਾਹੌਰ ਜ਼ਿਲ੍ਹੇ ਦੇ (ਈਚੋਗਿਲ) ਪਿੰਡ ਵਿਚ ਗਿਆਨੀ ਭਗਵਾਨ ਸਿੰਘ ’ਤੇ ਮਾਤਾ ਗੰਗ ਕੌਰ ਦੇ ਘਰ ਹੋਇਆ।

ਉਨ੍ਹਾਂ ਦੱਸਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ 14 ਸਾਲ ਦੀ ਉਮਰ ਵਿਚ ਆਪਣੇ ਪਿਤਾ ਭਗਵਾਨ ਸਿੰਘ ਨਾਲ ਨਾਦਰ ਸ਼ਾਹ ਦੇ ਨਾਲ ਲੜੀ। ਇਸ ਲੜਾਈ ਵਿਚ 14 ਸਾਲਾ ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੋਹਰ ਦਿਖਾਏ, ਜਿਸਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਏ ਪਰ ਇਸ ਲੜਾਈ ਵਿਚ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਸ਼ਹੀਦ ਹੋ ਗਾਏ। ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਤੇ ਜੱਸਾ ਸਿੰਘ ਦੀ ਬਹਾਦੁਰੀ ਤੋਂ ਖੁਸ਼ ਹੋ ਕੇ ਜਕਰੀਆ ਖਾਨ ਨੇ ਉਨ੍ਹਾਂ ਦੇ ਪੁਤਰ ਜੱਸਾ ਸਿੰਘ ਤੇ ਉਸਦੇ ਭਰਾਵਾਂ ਨੂੰ ਪੰਜ ਪਿੰਡ, ਵੱਲਾ, ਚੱਬਾ, ਤੁੰਗ, ਸੁਲਤਾਨਵਿੰਡ ਤੇ ਵੇਰਕਾ, ਜਗੀਰ ਵਜੋਂ ਦਿੱਤੇ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਲੈ ਕੇ ਇੱਥੇ ਇੰਟਰਨੈਸ਼ਨਲ ਸਿੱਖ ਫੋਰਮ ਦੀ ਦੇਖਰੇਖ ਹੇਠ ਫੋਰਮ ਦੇ ਸਮੁੱਚੇ ਨੁਮਾਇੰਦਿਆਂ ਵੱਲੋਂ ਅਗਾਮੀ ਮਈ ਮਹੀਨੇ ਵਿੱਚ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਆ ਰਹੀ ਸ਼ਤਾਬਦੀ ’ਤੇ ਹਫ਼ਤਾਭਰ ਚੱਲਣ ਵਾਲੇ ਸਮਾਗਮਾਂ ਸਬੰਧੀ ਅੱਜ ਇੱਥੇ ਬਗੀਚੀ ਬਾਬਾ ਬੰਬਾ ਸਿੰਘ, ਬਗੀਚੀ ਲੋਅਰ ਮਾਲ ਪਟਿਆਲਾ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨਾਲ ਮੀਟਿੰਗ ਕੀਤੀ। ਇਸ ਮੌਕੇ ਬਾਬਾ ਬਲਵੀਰ ਸਿੰਘ ਨੇ ਸਮੁੱਚੀ ਸੰਗਤ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਪੂਰੇ ਤਨ ਮਨ ਤੇ ਧਨ ਨਾਲ ਬੁੱਢਾ ਦਲ ਪੰਥ ਵੱਲੋਂ ਸ਼ਮੂਲੀਅਤ ਕਰਨਗੇ ਅਤੇ ਜਿੰਨੇ ਵੀ ਸਮਾਗਮ ਉਲੀਕੇ ਜਾਣਗੇ, ਉਨ੍ਹਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਇਸੇ ਦੌਰਾਨ ਚੜ੍ਹਦੀਕਲਾ ਅਦਾਰਾ ਵਿਖੇ ਵੱਡੀ ਗਿਣਤੀ ’ਚ ਸਿੱਖ ਸਖਸ਼ੀਅਤਾਂ ਨੇ ਇਕੱਤਰ ਹੋ ਕੇ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਦਰਦੀ ਡਾਇਰੈਕਟਰ ਚੜ੍ਹਦੀਕਲਾ ਗਰੁੱਪ, ਡਾ. ਇੰਦਰਪ੍ਰੀਤ ਕੌਰ ਦਰਦੀ ਸੀ.ਈ.ਓ ਚੜ੍ਹਦੀਕਲਾ ਗਰੁੱਪ, ਸੁਰਿੰਦਰ ਸਿੰਘ ਰਾਮਗੜ੍ਹੀਆ ਜਨਰਲ ਸੈਕਟਰੀ ਗੁ. ਮੰਜੀ ਸਾਹਿਬ ਕਰਨਾਲ, ਗੁਰਮੀਤ ਸਿੰਘ ਪ੍ਰਧਾਨ ਸ਼੍ਰੋਮਣੀ ਸਿੱਖ ਸੰਗਤ ਸਭਾ ਵਿਸ਼ਨੂੰ ਗਾਰਡਨ ਨਵੀਂ ਦਿੱਲੀ, ਐਡਵੋਕੇਟ ਪ੍ਰਿਤਪਾਲ ਸਿੰਘ ਪੰਨੂ ਜਨਰਲ ਸਕੱਤਰ ਇੰਟਰਨੈਸ਼ਨਲ ਸਿੱਖ ਫੋਰਮ, ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ, ਭਾਈ ਗੁਰਤੇਜ ਸਿੰਘ ਖ਼ਾਲਸਾ ਪ੍ਰਧਾਨ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ, ਕੁਲਵੰਤ ਸਿੰਘ ਕਲੇਰ ਪ੍ਰਧਾਨ ਰਾਮਗੜ੍ਹੀਆ ਸਭਾ ਕਰਨਾਲ ਅਤੇ ਰਵਿੰਦਰ ਸਿੰਘ ਮੈਂਬਰ ਰਾਮਗੜ੍ਹੀਆ ਸਭਾ ਕਰਨਾਲ ਮੌਜੂਦ ਰਹੇ।
ਇਸ ਦੌਰਾਨ ਪਹੁੰਚੀਆਂ ਸਖਸ਼ੀਅਤਾਂ ਦਾ ਚੜ੍ਹਦੀਕਲਾ ਅਦਾਰੇ ਵੱਲੋਂ ਸਨਮਾਨ ਕੀਤਾ ਗਿਆ ਅਤੇ ਸ਼ਤਾਬਦੀ ਮਨਾਉਣ ਲਈ ਅਰੰਭੇ ਸਮਾਗਮਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਪੰਨੂ ਅਤੇ ਹੋਰਨਾਂ ਸਖਸ਼ੀਅਤਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਫ਼ੈਸਲਾ ਹੋਇਆ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਵੱਡੇ ਸਮਾਗਮ ਅਤੇ ਮੁਹੱਲੇ ਅਰੰਭੇ ਜਾਣਗੇ, ਜਿਨ੍ਹਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਦਾ ਦੌਰ ਜਾਰੀ ਹੈ ਅਤੇ ਜਲਦੀ ਹੀ ਸੰਗਤਾਂ ਨੂੰ ਇਨ੍ਹਾਂ ਸਾਰੇ ਸਮਾਗਮਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ। ਇਨ੍ਹਾਂ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਤਕੇ ਦੇ ਜੌਹਰ, ਮੁਹੱਲੇ, ਬੱਚਿਆਂ ਦੇ ਸੈਮੀਨਾਰ, ਪ੍ਰੀਖਿਆਵਾਂ ਸਮੇਤ ਹੋਰ ਕਾਰਜ ਕੀਤੇ ਜਾਣਗੇ।