ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬੱਸਾਂ ਅਤੇ ਬਾਜ਼ਾਰਾਂ ਵਿਚ ਵੰਡੇ ਗਏ ਪਰਚੇ
ਪਟਿਆਲਾ, 18 ਮਾਰਚ 2023 - ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੇ ਦਿਨ ਰਾਤ ਦਾ ਮੋਰਚਾ ਅੱਜ ਛੇਵੇਂ ਦਿਨ ਵੀ ਜੋਸ਼ ਭਰਪੂਰ ਜਾਰੀ ਰਿਹਾ। ਮੋਰਚੇ ਦੀ ਅੱਜ ਦੀਆਂ ਸਰਗਰਮੀਆਂ ਵਿੱਚ ਯੂਨੀਵਰਸਿਟੀ ਦੇ ਮੇਨ ਗੇਟ ਸਾਹਮਣੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਖਰਾਬ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਬੱਸਾਂ ਵਿਚ ਚੜ੍ਹਕੇ ਸਵਾਰੀਆਂ ਨੂੰ ਪਰਚੇ ਵੰਡੇ, ਜਿਨ੍ਹਾਂ ਵਿਚ ਯੂਨੀਵਰਸਿਟੀ ਨੂੰ ਗ੍ਰਾਂਟ ਨਾ ਦੇਣ ਦਾ ਮੁੱਦਾ ਉਭਾਰਿਆ ਗਿਆ ਸੀ। ਇਸੇਂ ਤਰ੍ਹਾਂ ਇਹ ਪਰਚੇ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਵੰਡ ਕੇ ਉਨ੍ਹਾਂ ਨੂੰ ਜਾਣੂ ਕਰਵਾਇਆ। ਬੀਤੀ ਰਾਤ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਕੈਂਪਸ ਦੇ ਰਿਹਾਇਸ਼ੀ ਇਲਾਕੇ ਵਿਚ ਜਾ ਕੇ ਵੀ ਯੂਨੀਵਰਸਿਟੀ ਦੀ ਗ੍ਰਾਂਟ ਨੂੰ ਲੈ ਕੇ ਕੈਂਪਸ ਵਸਨੀਕਾਂ ਨੂੰ ਜਾਗਰੂਕ ਕੀਤਾ।
ਮੋਰਚੇ ਦੇ ਬੁਲਾਰਿਆਂ ਨੇ ਵਿੱਤ ਮੰਤਰੀ ਦੇ ਬਿਆਨ ਦੀ ਵੀ ਨਿਖੇਧੀ ਕਰਦਿਆਂ ਇਹ ਇਲਜ਼ਾਮ ਲਾਇਆ ਕਿ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੀ ਬਜਾਏ ਉਹ ਇੱਧਰ ਉਧਰ ਦੀ ਬਿਆਨ-ਬਾਜ਼ੀ ਕਰਕੇ ਯੂਨੀਵਰਸਿਟੀ ਦੇ ਗ੍ਰਾਂਟ ਦੇ ਮਸਲੇ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਾਮ ਨੂੰ ਯੂਨੀਵਰਸਿਟੀ ਦੇ ਸਾਹਮਣੇ ਬਾਜ਼ਾਰ ਵਿਚ ਜਾ ਕੇ ਆਮ ਲੋਕਾਂ ਨੂੰ ਚੱਲ ਰਹੇ ਮੋਰਚੇ ਦੇ ਏਜੰਡੇ ਬਾਰੇ ਪਰਚੇ ਵੰਡ ਕੇ ਜਾਗਰੂਕ ਕੀਤਾ ਅਤੇ ਪੰਜਾਬ ਸਰਕਾਰ ਦੇ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਘਟਾਉਣ ਦੇ ਮਸਲੇ ਬਾਰੇ ਜਾਣੂ ਕਰਵਾਇਆ ਗਿਆ।
ਮੋਰਚੇ ਨੇ ਆਖਿਆ ਕਿ ਪੰਜਾਬ ਸਰਕਦਾਰ ਦੇ ਉੱਚ-ਸਿੱਖਿਆ ਮੰਤਰੀ ਨੇ ਸੰਘਰਸ਼ ਦੇ ਛੇਵਾਂ ਦਿਨ ਲੰਘਣ ਦੇ ਬਾਵਜੂਦ ਵੀ ਹੁਣ ਤੱਕ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੇ ਮਸਲੇ ਤੇ ਚੁੱਪ ਧਾਰੀ ਹੋਈ ਹੈ ਜੋ ਕਿ ਉਹਨ੍ਹਾਂ ਦੇ ਉੱਚ-ਸਿੱਖਿਆ ਦੇ ਰਵੱਈਏ ਪ੍ਰਤੀ ਸਵਾਲ ਪੈਦਾ ਕਰਦਾ ਹੈ। ਮੋਰਚੇ ਦੇ ਬੁਲਾਰਿਆ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ ਜੇਕਰ ਉਚਿਤ ਗ੍ਰਾਂਟ ਅਤੇ 150 ਕਰੋੜ ਰੁਪਏ ਦੇ ਕਰਜ਼ੇ ਉੱਤੇ ਲੀਕ ਨਾ ਮਾਰੀ ਗਈ ਤਾਂ ਪਟਿਆਲਾ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਜਾ ਕੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਚਹਿਰੇ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਅੱਜ ਦੇ ਮੋਰਚੇ ਵਿਚ ਅਧਿਆਪਕਾਂ ਵਲੋਂ ਇੰਜ. ਸੁਖਜਿੰਦਰ ਬੁੱਟਰ, ਡਾ. ਰਾਜਦੀਪ ਸਿੰਘ, ਡਾ. ਜਸਦੀਪ ਤੂਰ, ਮੁਲਾਜ਼ਮ ਬੀ. ਅਤੇ ਸੀ. ਕਲਾਸ ਤੋਂ ਹਰਦਾਸ ਸਿੰਘ, ਹਰਦੀਪ ਸ਼ਰਮਾ, ਮਨੋਜ ਭਾਂਬਰੀ, ਗਗਨਦੀਪ ਸ਼ਰਮਾ ਅਤੇ ਸੁਖਵਿੰਦਰ ਸੁੱਖੀ ਅਤੇ ਵਿਦਿਆਰਥੀ ਜਥੇਬੰਦੀਆਂ ਵਿਚੋਂ ਪੀ.ਐਸ.ਯੂ. ਤੋਂ ਅਮਨਦੀਪ ਸਿੰਘ ਖਿਓਵਾਲੀ, ਐਸ.ਐਫ.ਆਈ. ਤੋਂ ਅੰਮ੍ਰਿਤਪਾਲ, ਪੀ.ਐਸ.ਯੂ (ਲਲਕਾਰ) ਤੋਂ ਗੁਰਪ੍ਰੀਤ ਸਿੰਘ, ਪੀ.ਆਰ.ਐਸ.ਯੂ. ਤੋਂ ਰਸ਼ਪਿੰਦਰ ਜਿੰਮੀ, ਏ.ਆਈ.ਐਸ.ਐਫ. ਤੋਂ ਪ੍ਰਿਤਪੋਲ ਸਿੰਘ ਅਤੇ ਡੀ.ਏ.ਐਸ.ਐਫ.ਆਈ. ਤੋਂ ਕ੍ਰਾਂਤੀ ਨੇ ਮੋਰਚੇ ਦੇ ਅੱਜ ਦੇ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।