ਸਰਕਾਰੀ ਕਾਲਜ ਮਹੈਣ ਤਿੰਨ ਰੋਜਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸਾਪ ਕਰਵਾਈ
ਹਰੀਸ਼ ਕਾਲੜਾ
ਸ਼੍ਰੀ ਆਨੰਦਪੁਰ ਸਾਹਿਬ,18 ਮਾਰਚ 2023: ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਵਿੱਤੀ ਗ੍ਰਾਂਟ ਦਾ ਪ੍ਰਯੋਗ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਤਿੰਨ ਰੋਜਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸਾਪ ਕਰਵਾਈ ਗਈ।
ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਿੰਨ ਰੋਜਾ ਵਰਕਸਾਪ ਵਿਚ ਡਾਕਟਰ ਦਰਸ਼ਨ ਪਾਲ ਰਿਟਾਇਰਡ ਪ੍ਰੋਫੇਸਰ (ਅੰਗਰੇਜ਼ੀ), ਖਾਲਸਾ ਕਾਲਜ ਅਨੰਦਪੁਰ ਸਾਹਿਬ ਮਹਿਰ ਵਜੋਂ ਸ਼ਾਮਿਲ ਹੋਏ।
ਡਾ. ਦਰਸ਼ਨ ਪਾਲ ਨੇ ਆਪਣੇ ਜੀਵਨ ਦੇ 36 ਵਰ੍ਹੇ ਸਿੱਖਿਆ ਖੇਤਰ ਨੂੰ ਸਮਰਪਿਤ ਕੀਤੇ ਹਨ ਅਤੇ ਉਹ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਦੇ ਉੱਘੇ ਮਾਹਿਰ ਹਨ। ਉਹਨਾਂ ਨੇ ਵਰਕਸਾਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਦੱਸਿਆ ਕਿ ਬੀ.ਏ ਅਤੇ ਬੀ.ਕਾਮ ਦੇ ਡਿਗਰੀਧਾਰਕ ਵਿਦਿਆਰਥੀ ਸਿੱਖਿਆ, ਕਾਰੋਬਾਰ, ਉਦਯੋਗ, ਬੈਂਕ, ਰੇਲਵੇ, ਪੁਲਿਸ, ਸੈਨਾ, ਅਰਧ ਸੈਨਿਕ ਬਲ, ਪ੍ਰਾਈਵੇਟ ਖੇਤਰ ਅਤੇ ਸਿਵਲ ਸੇਵਾਵਾਂ ਸਮੇਤ ਅਨੇਕਾਂ ਪ੍ਰਕਾਰ ਦੀਆਂ ਸਰਕਾਰੀ ਨੌਕਰੀਆਂ ਵਿਚ ਆਪਣਾ ਕੈਰੀਅਰ ਬਣਾ ਸਕਦੇ ਹਨ। ਉਹਨਾਂ ਨੇ ਕਿਹਾ ਵਿਦਿਆਰਥੀਆਂ ਨੂੰ ਕੈਰੀਅਰ ਦੀ ਚੋਣ ਅਤੇ ਵਿਸ਼ਿਆਂ ਵਿਚ ਤਾਲਮੇਲ ਦਾ ਧਿਆਨ ਰੱਖਦੇ ਹੋਏ ਆਪਣੀ ਪ੍ਰਤੀਭਾ ਨੂੰ ਨਿਖਾਰਨਾ ਚਾਹੀਦਾ ਹੈ।
ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਚੰਗੀਆਂ ਪੁਸਤਕਾਂ ਅਤੇ ਵਿਸ਼ਿਆ ਦੀ ਵਿਗਿਆਨਿਕ ਸਮਝ ਬਾਰੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਨੇਕਾ ਤਕਨੀਕਾਂ ਦੱਸੀਆ। ਵਰਕਸਾਪ ਦੇ ਦੂਜੇ ਦਿਨ ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਇੰਟਰਵਿਉ ਦੀ ਤਿਆਰੀ ਵਿਚ ਭਾਸ਼ਾ ਦੀ ਨਿਪੁੰਨਤਾ ਦੇ ਮਹੱਤਵ ਬਾਰੇ ਦੱਸਿਆ।
ਉਹਨਾਂ ਨੇ ਕੈਰੀਅਰ ਬਣਾਉਣ ਵਿਚ ਸਫਲ ਹੋਣ ਲਈ ਵਿਦਿਆਰਥੀਆਂ ਨੂੰ ਸਖਸੀਅਤ ਦਾ ਸਰਵਪੱਖੀ ਵਿਕਾਸ ਕਰਨ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਅਤੇ ਯੂਥ ਫਸਟੀਵਲਾਂ ਵਿਚ ਵਿਦਿਆਰਥੀਆਂ ਦੀ ਸਹਿਭਾਗਤਾ ਨੂੰ ਲਾਜ਼ਮੀ ਮੰਨਿਆ। ਵਰਕਸਾਪ ਦੇ ਤੀਜੇ ਦਿਨ ਉਹਨਾਂ ਨੇ ਵਿਦਿਆਰਥੀਆਂ ਨੂੰ ਕੈਰੀਅਰ ਬਣਾਉਣ ਲਈ ਰਚਨਾਤਮਕ ਰੁੱਚੀਆਂ ਤੰਦਰੁਸਤ ਆਦਤਾਂ, ਸਮਾਂ ਪ੍ਰਬੰਧ, ਆਤਮ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਅਪਣਾਏ ਜਾਣ ਦੀਆਂ ਤਕਨੀਕਾਂ ਦਾ ਗਿਆਨ ਦਿੱਤਾ।
ਡਾ. ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਸਮੂਹ ਸਟਾਫ ਦੁਆਰਾ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।