ਮੰਤਰੀ ਇੰਦਰਬੀਰ ਸਿੰਘ ਨਿੱਝਰ ਨਾਲ ਬੀਬੀ ਛੀਨਾ ਨੇ ਕੀਤੇ ਵਿਚਾਰ ਸਾਂਝੇ
ਸਰਬਜੀਤ ਸਿੰਘ ਪਨੇਸਰ
ਲੁਧਿਆਣਾ ,1 ਅਪ੍ਰੈਲ 2023 - ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਵਿਚਾਰ-ਚਰਚਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੂਰਨ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ ਅਤੇ ਨਾਲ ਹੀ ਉਨ੍ਹਾਂ ਵੱਲੋਂ ਹਲਕੇ ਵਿਚ ਚਲਾਏ ਜਾ ਰਹੇ ਲੋਕ ਭਲਾਈ ਪ੍ਰੋਜੈਕਟਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਬੀਬੀ ਛੀਨਾ ਵੱਲੋਂ ਲਲਤੋਂ ਮੇਨ ਫੀਡਰ ਦੇ ਐਸ.ਡੀ.ਓ ਨਾਲ ਇਕ ਮੀਟਿੰਗ ਕੀਤੀ ਗਈ |
ਜਿਸ ਵਿੱਚ ਸਤਿਗੁਰ ਨਗਰ ਗਲੀ ਨੰਬਰ 6 ਦੇ ਸਥਾਨਕ ਲੋਕਾਂ ਦੇ ਘਰਾਂ ਉਪਰ ਦੀ ਹਾਈ ਵੋਲਟੇਜ ਤਾਰਾਂ ਦੁਆਰਾ ਘਰਾਂ ਵਿੱਚ ਕਰੰਟ ਆਉਣ ਕਾਰਨ ਹੋ ਰਹੀਆਂ ਮੌਤਾਂ ਦੀ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਪੂਰਨ ਵਿਸ਼ਵਾਸ਼ ਦਿਵਾਇਆ ਗਿਆ ਕਿ ਜਲਦ ਤੋਂ ਜਲਦ ਇਹਨਾਂ ਹਾਈ ਵੋਲਟੇਜ ਤਾਰਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰੀ ਤੇ ਲਗਾ ਦਿੱਤਾ ਜਾਵੇਗਾ।