ਗੁਰਦਾਸਪੁਰ ਦੀਆਂ ਅਨਾਜ ਮੰਡੀਆਂ ਵਿੱਚ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਠੋਸ ਪ੍ਰਬੰਧ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2023 : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਲਈ ਠੋਸ ਪ੍ਰਬੰਧ ਕੀਤੇ ਜਾਣ ਪਰ ਗੁਰਦਾਸਪੁਰ ਵਿੱਚ ਹਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ, ਜਦਕਿ ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਮਾਰਕੀਟ ਕਮੇਟੀ ਗੁਰਦਾਸਪੁਰ ਅਤੇ ਦੀਨਾਨਗਰ ਨੂੰ ਅਜੇ ਵੀ ਤਾਲੇ ਲੱਗੇ ਹੋਏ ਹਨ ਅਤੇ ਅੱਜ ਸ਼ਨੀਵਾਰ ਨੂੰ ਇੱਥੇ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਦਫਤਰ ਵਿਚ ਮੌਜੂਦ ਨਹੀਂ ਸੀ।
ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਪਰ ਹਾਲਤ ਇਹ ਹੈ ਕਿ ਗੁਰਦਾਸਪੁਰ ਅਤੇ ਦੀਨਾਨਗਰ ਦੀਆਂ ਦਾਣਾ ਮੰਡੀਆਂ 'ਚ ਤਿਆਰੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਨਾ ਤਾਂ ਕਿਸਾਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਹੈ, ਨਾ ਪੀਣ ਵਾਲੇ ਪਾਣੀ ਦਾ, ਨਾ ਹੀ ਕੋਈ ਹੋਰ ਮੁੱਢਲੀ ਸਹੂਲਤ। ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਬੇਮੌਸਮੀ ਬਰਸਾਤ ਕਾਰਨ ਅਜੇ ਤੱਕ ਫਸਲ ਪੱਕ ਨਹੀਂ ਸਕੀ ਅਤੇ ਮੌਸਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਸਲ ਨੂੰ ਪੱਕਣ 'ਚ ਕਰੀਬ ਇਕ ਮਹੀਨਾ ਹੋਰ ਸਮਾਂ ਲੱਗ ਸਕਦਾ ਹੈ। ਪਰ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ ਸਰਕਾਰੀ ਖ਼ਰੀਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ, ਇਸ ਦੇ ਬਾਵਜੂਦ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਕੋਈ ਪ੍ਰਬੰਧ ਨਹੀਂ ਕੀਤਾ।