ਸੁਰਜੀਤ ਪਾਤਰ ਦੇ ਤਰੰਨੁਮ ਅਤੇ ਸ਼ਾਇਰੀ ਨਾਲ ਹੋਇਆ ਗ਼ਜ਼ਲ ਉਤਸਵ ਦਾ ਸਮਾਪਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 2 ਅਪ੍ਰੈਲ 2023 : ਸਰਕਾਰੀ ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਦੀਪਕ ਚੋਪੜਾ ਦੀ ਅਗਵਾਈ ਵਿੱਚ ਤੀਨ ਰੋਜ਼ਾ ਗ਼ਜ਼ਲ ਉਤਸਵ ਹੁਸਨ ਏ ਗ਼ਜ਼ਲ ਗ਼ਜ਼ਲ ਕਰਵਾਇਆ ਗਿਆ। ਇਸਦੇ ਸੰਯੋਜਕ ਡਾ. ਰਾਜੇਸ਼ ਮੋਹਨ ਨੇ ਦਸਿਆ ਕਿ ਇਸ ਵਿੱਚ ਉਰਦੂ ਗ਼ਜ਼ਲ, ਪੰਜਾਬੀ ਗ਼ਜ਼ਲ, ਗ਼ਜ਼ਲ ਦੇ ਸੰਗੀਤਕ ਪੱਖ ਅਤੇ ਹਰ ਸੂਖਮ ਪਹਿਲੂਆਂ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਹਿਤ ਅਤੇ ਸੰਗੀਤ ਵਿਦਵਾਨਾਂ ਨੇ ਪਰਚੇ ਪੜੇ। ਇਸ ਤੋਂ ਇਲਾਵਾ ਮੁਸ਼ਾਇਰਾ ਅਤੇ ਸ਼ਾਮ ਏ ਗ਼ਜ਼ਲ , ਉਰਦੂ ਗ਼ਜ਼ਲ ਅਤੇ ਪੰਜਾਬੀ ਗ਼ਜ਼ਲ ਗਾਇਨ ਅਤੇ ਗ਼ਜ਼ਲ ਉਚਾਰਨ ਦੇ ਮੁਕਾਬਲੇ ਕਰਵਾਏ ਗਏ।ਇਸ ਗ਼ਜ਼ਲ ਉਤਸਵ ਦੇ ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਭੱਟੀ(ਡੀਨ ਕਾਲਜ ਵਿਕਾਸ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼)ਅਤੇ ਡਾ.ਸੁਖਰਾਜ ਸੰਧੂ, ਦੂਸਰੇ ਦਿਨ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਗਦੀਪ ਸਿੰਘ (ਸਰਕਾਰੀ ਕਾਲਜ ਆਫ ਐਜੂਕੇਸ਼ਨ, ਫਰੀਦਕੋਟ) ਰਹੇ। ਇਸ ਦੌਰਾਨ ਡਾ. ਨਰਿੰਦਰਜੀਤ ਸਿੰਘ ਬਰਾੜ (ਪੰਜਾਬੀ ਵਿਭਾਗ,ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ) ਨੇ ਪੰਜਾਬੀ ਗ਼ਜ਼ਲ ਸਾਹਿਤ ਅਤੇ ਸੰਗੀਤ ਵਿੱਚ, ਸੈਂਟ ਮੈਰੀ ਸਕੂਲ ਦੀ ਸੰਗੀਤ ਅਧਿਆਪਿਕਾ ਕੁਮਾਰੀ ਹਰਪ੍ਰੀਤ ਸਹਿਰ ਨੇ ਉਰਦੂ ਅਤੇ ਪੰਜਾਬੀ ਗ਼ਜ਼ਲ ਗਾਇਕੀ ਇਕ ਤੁਲਨਾਤਮਕ ਅਧਿਐਨ ਤੇ ਪਰਚਾ ਪੜ੍ਹਿਆ। ਡਾ. ਰਾਜੇਸ਼ ਮੋਹਨ ਮੁਖੀ ਸੰਗੀਤ ਵਿਭਾਗ ਨੇ ਉਰਦੂ ਗ਼ਜ਼ਲ ਗਾਇਕੀ ਅਤੇ ਫਿਲਮ ਸੰਗੀਤ ਵਿਸ਼ੇ ਤੇ ਕਮਲਾ ਨੇਹਰੂ ਕਾਲਜ ਦਿੱਲੀ ਦੇ ਪ੍ਰੋ. ਨਰੇਸ਼ ਕੁਮਾਰ ਨੇ ਮਹਿਲਾ ਗ਼ਜ਼ਲ ਗਾਇਕਾਵਾਂ ਯੇ ਗਾਣੇ ਵਾਲੀਆਂ ਤੇ ਪੇਪਰ ਪੜਿਆ। ਸਮਾਗਮ ਦੇ ਤੀਸਰੇ ਦਿਨ ਦਾ ਉਦਘਾਟਨ ਪਦਮ ਸ਼੍ਰੀ ਡਾ.ਸੁਰਜੀਤ ਪਾਤਰ, ਡਾ. ਰਾਜੇਸ਼ ਮੋਹਨ (ਯੂਥ ਕੋਆਰਡੀਨੇਟਰ) ਅਤੇ ਪ੍ਰੋ. ਕੁਲਵਿੰਦਰ ਕੌਰ (ਮੁਖੀ ਪੰਜਾਬੀ ਵਿਭਾਗ) ਨੇ ਕੀਤਾ ਉਸ ਵਕਤ ਓਹਨਾ ਦੇ ਨਾਲ ਡਾ. ਸ਼ਾਲਿਨੀ ਗੋਇਲ , ਪਰਮਜੀਤ ਬੇਦੀ, ਡਾ. ਅੰਸ਼ੂਮਤੀ ਸ਼ਰਮਾ ਅਤੇ ਡਾ. ਅਮਨਪ੍ਰੀਤ ਕੌਰ ਨੇ ਸਹਿਯੋਗ ਕੀਤਾ ਇਸ ਉਪਰੰਤ ਡਾ. ਰਾਜੇਸ਼ ਮੋਹਨ ਅਤੇ ਸੁਰ ਆਂਗਣ ਦੇ ਵਿਦਿਆਰਥੀਆਂ ਵੱਲੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਗਾਇਨ ਅਤੇ ਡਾ.ਸੁਰਜੀਤ ਪਾਤਰ ਦੀ ਪ੍ਰਸਿੱਧ ਰਚਨਾ ' ਜਗਾ ਦੇ ਮੋਮਬੱਤੀਆਂ ' ਦਾ ਗਾਇਨ ਕੀਤਾ ਗਿਆ । ਇਸ ਉਪਰੰਤ " ਇਸ ਤਰਾ ਹੈ ਜਿਸ ਤਰਾ ਦਿਨ ਰਾਤ ਵਿਚਲਾ ਫ਼ਾਸਲਾ ' ਸੁਰਜੀਤ ਪਾਤਰ ਦੀ ਰਚਨਾ ਦਾ ਗਾਇਨ ਬੀ ਏ ਭਾਗ ਤੀਜਾ ਦੇ ਵਿਦਿਆਰਥੀ ਦੀਪਕ ਕੁਮਾਰ ਨੇ ਕੀਤਾ ਜਿਸਦੀ ਸੁਰ ਰਚਨਾ ਡਾ. ਰਾਜੇਸ਼ ਮੋਹਨ ਨੇ ਤਿਆਰ ਕੀਤੀ ਪੰਜਾਬੀ ਦੇ ਨਾਮਵਰ ਸ਼ਾਇਰ ਵਿਜੈ ਵਿਵੇਕ ਨੇ ਗ਼ਜ਼ਲ ਦੀ ਰਚਨਾ ਸ਼ਿਲਫ ਅਤੇ ਉਸਦੇ ਸੁਹਜਾਤਮਕ ਪੱਖ ਤੇ ਸ਼ਾਨਦਾਰ ਪਰਚਾ ਪੜ੍ਹਿਆ। ਇਸ ਉਪਰੰਤ ਸੁਰੀਲੇ ਫ਼ਨਕਾਰ ਦੀ ਪ੍ਰਮੁੱਖ ਗਾਇਕਾ ਅਮਨਪ੍ਰੀਤ ਨੇ ਮੀਰ ਅਤੇ ਫੈਜ਼ ਦੇ ਕਲਾਮ ਦਾ ਗਾਇਨ ਕੀਤਾ। ਸੁਰੀਲੇ ਫ਼ਨਕਾਰ ਦੀ ਇਕ ਹੋਰ ਸਿਰਮੌਰ ਗਾਇਕਾ ਕਿਰਨਦੀਪ ਨੇ ਪ੍ਰਸਿੱਧ ਸ਼ਾਇਰ ਗਾਲਿਬ ਅਤੇ ਦਾਗ਼ ਦਾ ਕਲਾਮ ਪੇਸ਼ ਕੀਤਾ। ਸੰਗੀਤ ਐਮ.ਏ ਵਿਭਾਗ ਦੇ ਮਨਪ੍ਰੀਤ ਕੌਰ ਅਤੇ ਸੰਦੀਪ ਸਿੰਘ ਨੇ ਵਿਭਾਗ ਦੇ ਹੋਰ ਵਿਦਿਆਰਥੀਆਂ ਨਾਲ ਮਿਲਕੇ ਡਾ. ਰਾਜੇਸ਼ ਮੋਹਨ ਦੀ ਰਚਨਾ ਪ੍ਰਿੰਦੋ ਕੋ ਯੇ ਸਮਝਾਓ ਦਾ ਗਾਇਨ ਕੀਤਾ। ਜਿਸ ਨਾਲ ਪੂਰੇ ਮਾਹੌਲ ਵਿੱਚ ਸ਼ਾਇਰੀ ਅਤੇ ਸੰਗੀਤ ਦਾ ਇਕ ਸੁਰੀਲੇ ਵਾਤਾਵਰਨ ਤਿਆਰ ਹੋ ਗਿਆ। ਤਿੰਨ ਰੋਜ਼ਾ ਹੁਸਨ ਏ ਗ਼ਜ਼ਲ ਦੇ ਸਿਖ਼ਰ ਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਿਹਾ ਕਿ ' ਸ਼ਾਇਰੀ ਸਿੱਖਣ ਲਈ ਸੰਗੀਤ ਦੀ ਗਹਿਰੀ ਸਮਝ ਹੋਣੀ ਚਾਹੀਦੀ ਹੈ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਸਾਹਿਤ ਦਾ ਗਹਿਰਾ ਅਧਿਆਨ ਕਰਨਾ ਚਾਹੀਦਾ ਹੈ।' ਅਤੇ ਓਹਨਾ ਨੇ ਡਾ. ਰਾਜੇਸ਼ ਮੋਹਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਦਿਆਰਥੀਆਂ ਵੱਲੋਂ ਸੁਰੀਲੇ ਫ਼ਨਕਾਰ ਮੁਹਿੰਮ ਨੂੰ ਇਕ ਪੰਜਾਬੀ ਸੱਭਿਆਚਾਰ ਅਤੇ ਨੌਜਵਾਨਾਂ ਲਈ ਸੁੱਭ ਸੰਕੇਤ ਮੰਨਦੇ ਹੋਏ ਕਿਹਾ ਕਿ ਸੁਰੀਲੇ ਫ਼ਨਕਾਰ ਮੁਹਿੰਮ ਅੱਗੇ ਚਲ ਕੇ ਸੱਭਿਆਚਾਰ ਗੀਤ ਸੰਗੀਤ ਵਿਚ ਹੋ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਵਿੱਚ ਇੱਕ ਅੰਦੋਲਨ ਦੀ ਭੂਮਿਕਾ ਅਦਾ ਕਰੇਗਾ। ਗ਼ਜ਼ਲ ਵਿਧਾ ਦੀ ਬਰੇਕਿਆ ਦਸਦੇ ਹੋਏ ਓਹਨਾ ਨੇ ਕਿਹਾ ਕਿ ਸ਼ਾਇਰ ਬਣਨ ਲਈ ਹਜ਼ਾਰਾ ਸ਼ੇਅਰਾਂ ਦਾ ਯਾਦ ਹੋਣਾ ਲਾਜ਼ਮੀ ਹੈ। ਅੰਤ ਵਿੱਚ ਡਾ. ਸੁਰਜੀਤ ਪਾਤਰ ਨੇ ਸੁਰੀਲੇ ਫ਼ਨਕਾਰ ਦੇ ਕਲਾਕਾਰਾਂ ਦੀ ਵਿਸ਼ੇਸ਼ ਫਰਮਾਇਸ਼ ਤੇ ਆਪਣੀਆਂ ਦੋ ਗ਼ਜ਼ਲਾਂ ' ਕੋਈ ਡਾਲੀਆਂ ਚੋ ਲੰਘਿਆ ਹਵਾ ਬਣ ਕੇ ' ਅਤੇ ' ਬੜੇ ਗੁਲ ਖਿਲੇ ਨੇ ਹਵਾਵਾਂ ਤੋਂ ਚੋਰੀ ' ਗਾ ਕੇ ਇਸ ਗ਼ਜ਼ਲ ਉਤਸਵ ਨੂੰ ਉਸਦੇ ਅਰੂਜ਼ ਤੇ ਪਹੁੰਚਾ ਦਿੱਤਾ। ਸ਼੍ਰੀ. ਅਨਿਲ ਕੁਮਾਰ ਤਬਲਾ ਵਾਦਕ ਨੇ ਮੁੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਾਇਕ ਕਲਾਕਾਰਾਂ ਦੇ ਨਾਲ ਤਬਲੇ ਤੇ ਸੰਗਤ ਨੌਜਵਾਨ ਤਬਲਾ ਵਾਦਕ ਸਾਹਿਲ ਤਗਿਰੀਆ ਵੱਲੋਂ ਕੀਤੀ ਗਈ। ਅੰਤ ਵਿੱਚ ਗ਼ਜ਼ਲ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਡਾ. ਸੁਰਜੀਤ ਪਾਤਰ ਅਤੇ ਡਾ. ਰਾਜੇਸ਼ ਮੋਹਨ ਵੱਲੋਂ ਪ੍ਰਮਾਣ ਪਾਤਰ ਦਿੱਤੇ ਗਏ। ਇਸ ਤਿੰਨ ਰੋਜ਼ਾ ਗ਼ਜ਼ਲ ਉਤਸਵ ਵਿੱਚ ਵਿਸ਼ੇਸ਼ ਤੌਰ ਤੇ ਹਾਜਿਰ ਹੋਇਆ ਸਖਸ਼ੀਅਤਾਂ ਵਿੱਚ ਕਰਕਾਰੀ ਪ੍ਰਿੰਸੀਪਲ ਪ੍ਰੋ. ਪੂਜਾ ਭੱਲਾ, ਡਾ. ਨਿਰਵਾਰਿੰਦਰ ਕੌਰ, ਡਾ. ਗਗਨਦੀਪ ਕੌਰ, ਡਾ. ਕੁਸੁਮ ਮਹੇਸ਼ਵਰੀ, ਮਹਫ਼ਿਲ ਏ ਉਰਦੂ ਦੇ ਪ੍ਰਧਾਨ ਜਗਦੀਸ਼ ਪ੍ਰਸਾਦ, ਸਾਬਕਾ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ , ਭੂਗੋਲ ਵਿਭਾਗ ਦੇ ਪ੍ਰੋ. ਅਰਮਿੰਦਰ ਸਿੰਘ , ਗੁਲਾਮ ਸਿੰਘ, ਕੁਲਵਿੰਦਰ ਕਾਮਿਲ, ਹਰਜੀਤ ਸਿੰਘ ਆਦਿ ਸ਼ਾਮਿਲ ਰਹੇ।