ਏ ਡੀ ਸੀ ਵੱਲੋਂ ਮਿਊਂਸਪਲ ਸੇਵਾਵਾਂ ਲਈ ਕੀਤੇ ਜਾ ਰਹੇ ‘ਡੋਰ-ਟੂ-ਡੋਰ’ ਸਰਵੇਖਣ ਦੌਰਾਨ ਸਹੀ ਜਾਣਕਾਰੀ ਦੇਣ ਦੀ ਅਪੀਲ
- ਸਰਵੇਖਣ ਬਾਅਦ ਸਥਾਨਕ ਸਰਕਾਰ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਤੇ ਮਾਲੀਆ ਵਧਾਉਣ ’ਚ ਮਿਲੇਗੀ ਮੱਦਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ, 2023: ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਜਿਨ੍ਹਾਂ ਕੋਲ ਜ਼ਿਲ੍ਹੇ ਦੀਆਂ ਸਥਾਨਕ ਸਰਕਾਰ ਸੰਸਥਾਂਵਾਂ ਦੀ ਦੇਖ-ਰੇਖ ਵੀ ਹੈ, ਨੇ ਅੱਜ ਨਵਾਂਸ਼ਹਿਰ ਨਗਰ ਕੌਂਸਲ ਦੀ ਹਦੂਦ ਅੰਦਰ ਰਹਿਣ ਵਾਲੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਵੱਲੋਂ ਦਿੱਤੀਆਂ ਜਾ ਰਹੀਆਂ ਮਿਊਂਸਪਲ ਸੇਵਾਵਾਂ ਲਈ ਕੀਤੇ ਜਾ ਰਹੇ ‘ਡੋਰ-ਟੂ-ਡੋਰ ਸਰਵੇਖਣ ਦੌਰਾਨ ਸਰਵੇ ਕਰਮਚਾਰੀਆਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਉਪਲਬਧ ਕਰਵਾਉਣ। ਇਸ ਸਰਵੇਖਣ ਦੌਰਾਨ ਮੰਗੀ ਗਈ ਜਾਣਕਾਰੀ 30 ਜੂਨ ਤੱਕ ਨਗਰ ਕੌਂਸਲ ਨੂੰ ਉਪਲਬਧ ਕਰਵਾਈ ਜਾਵੇ।
ਉਨ੍ਹਾਂ ਦੱਸਿਆ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਸਰਵੇਖਣ ਦੌਰਾਨ ਸ਼ਹਿਰ ਦੇ ਲੋਕਾਂ ਤੋਂ ਉਨ੍ਹਾਂ ਦੀ ਮਾਲਕੀ ਵਾਲੀਆਂ ਰਿਹਾਇਸ਼ੀ, ਵਪਾਰਕ, ਅਰਧ-ਵਪਾਰਕ ਅਤੇ ਸਨਅਤੀ ਕੰਪਲੈਕਸਾਂ/ਇਕਾਈਆਂ ਦੇ ਪ੍ਰਾਪਰਟੀ ਟੈਕਸ, ਟ੍ਰੇਡ ਲਾਇਸੰਸ, ਪਾਣੀ-ਸੀਵਰ ਕੁਨੈਕਸ਼ਨ ਅਤੇ ਹੋਰ ਸੇਵਾਵਾਂ ਬਾਰੇ ਜਾਣਕਾਰੀ ਮੰਗੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਨੂੰ ਮੁੱਖ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਹੋਰ ਸੁਖਾਲਾ ਕਰਨ ਅਤੇ ਇੱਕ ਪਲੇਟਫ਼ਾਰਮ ’ਤੇ ਲਿਆਉਣ ਲਈ ਬਣਾਈ ਜਾਣ ਵਾਲੀ ਐਪ ਲਈ ਇਹ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਜੇਕਰ ਕਿਸੇ ਨੇ ਆਪਣੇ ਪਾਣੀ/ਸੀਵਰ ਕੁਨੈਕਸ਼ਨ ਨੂੰ ਰੈਗੂਲਰ ਕਰਵਾਉਣਾ ਹੈ ਜਾਂ ਟ੍ਰੇਡ ਲਾਇਸੰਸ ਲੈਣਾ ਤਾਂ ਉੁਸ ਨੂੰ ਵੀ ਪਹਿਲ ਦੇ ਆਧਾਰ ’ਤੇ ਸੇਵਾ ਦਿੱਤੀ ਜਾਵੇਗੀ।
ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਇਸ ਸਰਵੇਖਣ ਦੌਰਾਨ ਨਗਰ ਕੌਂਸਲ ਸਟਾਫ਼ ਨੂੰ ਸਹਿਯੋਗ ਕਰਨ ਅਤੇ ਆਪਣੇ ਸੀਵਰ/ਪਾਣੀ ਕੁਨੈਕਸ਼ਨਾਂ ਨੂੰ ਨਿਯਮਿਤ ਕਰਵਾਉਣ, ਆਪਣੇ ਟ੍ਰੇਡ ਲਾਇਸੰਸ ਬਣਵਾਉਣ ਅਤੇ ਪ੍ਰਾਪਰਟੀ ਟੈਕਸ ਦੇ ਬਕਾਏ ਜਮ੍ਹਾਂ ਕਰਵਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਮਾਲੀਆ ਵਧਾਉਣ ਦੀ ਇਸ ਕੋਸ਼ਿਸ਼ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੀ ਵਧੇਰੇ ਫ਼ੰਡ ਜੁਟਾਉਣ ’ਚ ਮੱਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਮਿਊਂਸਪਲ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ’ਚ ਵੀ ਮੱਦਦ ਮਿਲੇਗੀ।