ਮੋਦੀ ਸਰਕਾਰ ਨੂੰ ਪਹਿਲਵਾਨ ਖਿਡਾਰੀਆਂ ਅਤੇ ਲੋਕਾਂ ਉਪਰ ਢਾਹੇ ਜ਼ਬਰ ਦੀ ਕੀਮਤ ਚੁਕਾਉਣੀ ਪਵੇਗੀ: ਮਨਜੀਤ ਧਨੇਰ
ਦਲਜੀਤ ਕੌਰ
ਚੰਡੀਗੜ੍ਹ, 29 ਮਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਦਿੱਲੀ ਵਿਖੇ ਪਹਿਲਵਾਨ ਖਿਡਾਰੀਆਂ ਦੇ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਧਰਨੇ ਨੂੰ ਜ਼ਬਰ ਦੀਆਂ ਸਭ ਹੱਦਾਂ ਬੰਨ੍ਹੇ ਟੱਪ ਕੇ ਰੌਂਦਣ ਦਾ ਸ਼ਰਮਨਾਕ ਕਾਰਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਤਰ ਮੰਤਰ, ਜਿਹੜਾ ਕਿ ਲੋਕਾਂ ਦੇ ਧਰਨਾ ਪ੍ਰਦਰਸ਼ਨ ਕਰਨ ਦੀ ਥਾਂ ਹੈ, ਇਸ ਨੂੰ ਪੁਲਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਉੱਥੇ ਜਾਣ ਦੀ ਮਨਾਹੀ ਕਰ ਦਿੱਤੀ ਹੈ। ਪਹਿਲਵਾਨ ਕੁੜੀਆਂ ਤੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਸੰਗੀਨ ਧਾਰਾਵਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਉੱਤੇ ਦੰਗਾ ਕਰਨ, ਗੈਰ ਕਾਨੂੰਨੀ ਤੌਰ ਤੇ ਇਕੱਠੇ ਹੋਣ, ਪੁਲਸ ਦੀ ਡਿਊ ਉਸਟੀ ਵਿੱਚ ਅੜਿੱਕਾ ਖੜਾ ਕਰਨਾ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਣ (Section 3 of Preventiom Of Damage to Public Property Act) ਦੇ ਦੋਸ਼ ਲਾਏ ਜਾ ਰਹੇ ਹਨ। ਪਹਿਲਵਾਨ ਖਿਡਾਰਰੀਆਂ ਖ਼ਿਲਾਫ਼ ਦਰਜ ਵਿੱਚ ਐਨੀ ਮੁਸਤੈਦੀ ਜਦ ਕਿ ਸਰੀਰਕ ਸ਼ੋਸ਼ਣ ਦੇ ਦੋਸ਼ੀ ਖਿਲਾਫ ਪਰਚਾ ਦਰਜ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਦਾ ਬੂਹਾ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ।ਪਹਿਲਵਾਨਾਂ ਨੂੰ ਸੜਕਾਂ ਤੇ ਘੜੀਸ ਕੇ ਬੂਟਾਂ ਹੇਠ ਦਰੜਿਆ ਜਾ ਰਿਹਾ ਸੀ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਪਾਰਲੀਮੈਂਟ ਦੀ ਨਵੀਂ ਬਣੀ ਇਮਾਰਤ ਵਿੱਚ ਬਿਰਾਜਮਾਨ ਸੀ।
ਆਗੂਆਂ ਨੇ ਕਿਹਾ ਕਿ ਪੁਲਿਸ ਦੇ ਜ਼ਿੰਮੇਵਾਰ ਅਫਸਰ, ਪਹਿਲਵਾਨਾਂ ਦੇ ਇਸ ਸੰਘਰਸ਼ ਨੂੰ ਦੇਸ਼ ਵਿਰੋਧੀ ਦੱਸ ਕੇ ਨੰਗੀ ਚਿੱਟੀ ਗੁੰਡਾਗਰਦੀ ਕਰ ਰਹੇ ਹਨ। ਭਾਵੇਂ ਪੁਲਿਸ ਨੂੰ ਭਾਰੀ ਲੋਕ ਵਿਰੋਧ ਦੇ ਚੱਲਦਿਆਂ ਪਹਿਲਵਾਨਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਇਸ ਤੋਂ ਵੀ ਅੱਗੇ ਜਾਂਦਿਆਂ ਹੁਣ ਪੁਲਿਸ ਇਨ੍ਹਾਂ ਦਾ ਗੈਰਕਾਨੂੰਨੀ ਪਿੱਛਾ ਕਰ ਰਹੀ ਹੈ। ਇਹ ਘੋਰ ਅਨਿਆਂ ਤੇ ਤਾਕਤ ਦੇ ਨਸ਼ੇ ਵਿੱਚ ਚੂਰ ਹਕੂਮਤ ਦਾ ਉਲਟ ਵਾਰ ਹੈ। ਮੋਦੀ ਸਰਕਾਰ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਇਸ ਜਾਬਰ ਹੱਲੇ ਦਾ ਜਵਾਬ ਦੇਣ ਲਈ ਰਣਨੀਤੀ ਉਲੀਕਣ ਵਾਸਤੇ 30 ਮਈ ਨੂੰ 11 ਵਜੇ ਲੁਧਿਆਣੇ ਮੀਟਿੰਗ ਬੁਲਾ ਲਈ ਗਈ ਹੈ। ਇਸ ਮੀਟਿੰਗ ਵਿੱਚ ਜੋ ਵੀ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਧ ਚੜ੍ਹ ਕੇ ਲਾਗੂ ਕਰੇਗੀ।