ਕੋਟਕਪੂਰਾ 'ਚ ਹੋਏ ਵਿਸ਼ਾਲ ਜਾਗਰਣ ਦੌਰਾਨ ਮੁੱਖ ਮਹਿਮਾਨ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਗੈਰ-ਹਾਜ਼ਰੀ ' ਨੂੰ ਲੈਕੇ ਚਰਚਾਵਾਂ ਦਾ ਬਾਜ਼ਾਰ ਗਰਮ
ਵਿਧਾਨ ਸਭਾ ਸਪੀਕਰ ਸੰਧਵਾ ਦੇ ਨਾਲ ਫਿਰੋਜ਼ਪੁਰ ਦੇ ਵਿਧਾਇਕ ਰਜਨੀਸ਼ ਦਹੀਆ ਦੀ ਮੌਜੂਦਗੀ ਨੇ ਤਿੰਨ ਰਾਜਾਂ ਦੇ ਸ਼ਿਆਮ ਪ੍ਰੇਮੀਆਂ ਦਾ ਦਿਲ ਜਿੱਤਿਆ
ਦੀਪਕ ਗਰਗ
ਕੋਟਕਪੂਰਾ 18 ਸਤੰਬਰ 2023: ਸ਼ਨੀਵਾਰ ਨੂੰ ਕੋਟਕਪੂਰਾ ਵਿੱਚ ਹੋਏ ਵਿਸ਼ਾਲ ਜਾਗਰਣ ਦੇ ਸੱਦਾ ਪੱਤਰ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੇ ਬਾਵਜੂਦ ਸੁਨੀਲ ਜਾਖੜ ਜਾਗਰਣ ਵਿੱਚ ਸ਼ਾਮਲ ਨਹੀਂ ਹੋਏ। ਇਸ ਦੇ ਬਾਵਜੂਦ ਇਸ ਮਹੋਤਸਵ ਦੌਰਾਨ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਦੇਖਦਿਆਂ ਕੋਟਕਪੂਰਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ 24 ਘੰਟੇ ਚੱਲਣ ਵਾਲੇ ਇਸ ਮਹਾਉਤਸਵ ਨੂੰ ਲੈਕੇ ਡਟੇ ਰਹੇ। ਵਿਧਾਨ ਸਭਾ ਸਪੀਕਰ ਸੰਧਵਾ ਨੇ ਸ਼ਨੀਵਾਰ ਸਵੇਰੇ ਕੱਢੀ ਗਈ ਵਿਸ਼ਾਲ ਨਿਸ਼ਾਨ ਯਾਤਰਾ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼ਿਆਮ ਮੰਦਿਰ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ, ਜਨਰਲ ਸਕੱਤਰ ਮਹੇਸ਼ ਕੁਮਾਰ ਗਰਗ, ਬੁਲਾਰੇ ਹਰੀਸ਼ਿਆਮ ਸਿੰਗਲਾ, ਰਿੰਕੂ ਮੋਦੀ, ਬਿੰਟਾ ਸ਼ਰਮਾ, ਵਿਨੋਦ ਸ਼ਰਮਾ, ਕਰਨ ਸਿੰਗਲਾ, ਮੁਕੁਲ ਬਾਂਸਲ, ਸਚਿਨ ਸਿੰਗਲਾ, ਸਤੀਸ਼ ਸਿੰਗਲਾ, ਮਨੋਜ ਗੋਇਲ, ਪੰਡਿਤ ਰਾਮ ਹਰੀ ਨੇ ਵਿਧਾਨ ਸਭਾ ਸਪੀਕਰ ਦਾ ਸਵਾਗਤ ਕੀਤਾ। ਇਸ ਸਮੇਂ ਉਨ੍ਹਾਂ ਨਾਲ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਵੀ ਹਾਜ਼ਰ ਸਨ। ਜਾਗਰਣ ਦੌਰਾਨ ਵਿਧਾਨ ਸਭਾ ਸਪੀਕਰ ਸੰਧਵਾ ਦੇ ਨਾਲ ਫਿਰੋਜ਼ਪੁਰ ਦੇ ਵਿਧਾਇਕ ਅਤੇ ਭਜਨ ਗਾਇਕ ਰਜਨੀਸ਼ ਦਹੀਆ ਦੀ ਹਾਜ਼ਰੀ ਨੇ ਜਾਗਰਣ ਦੇਖਣ ਲਈ ਤਿੰਨ ਰਾਜਾਂ ਤੋਂ ਆਏ ਸਮੂਹ ਸ਼ਿਆਮ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੱਕ ਭਜਨ ਦੀਆਂ ਸਿਰਫ਼ ਦੋ ਪਉੜੀਆਂ ਗਾ ਕੇ ਪੂਰੇ ਜਾਗਰਣ ਦੀ ਸ਼ਾਨ ਬਣ ਗਏ। ਜੇਕਰ ਸ਼ਿਆਮ ਪ੍ਰੇਮੀਆਂ ਦੇ ਵੱਸ ਵਿਚ ਹੁੰਦਾ ਤਾਂ ਉਹ ਘੱਟੋ-ਘੱਟ ਇਕ ਘੰਟਾ ਉਨ੍ਹਾਂ ਦੇ ਭਜਨ ਸੁਣਨਾ ਚਾਹੁੰਦੇ ਸਨ।
ਜਗਰਾਤੇ ਦੇ ਪ੍ਰੋਗਰਾਮ ਇੰਚਾਰਜ ਦੀਪਕ ਗੋਇਲ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕੱਲੇ ਕੋਟਕਪੂਰਾ ਸ਼ਹਿਰ ਵਿੱਚ ਹੀ ਇਸ ਜਾਗਰਣ ਸਬੰਧੀ 2000 ਦੇ ਕਰੀਬ ਸੱਦਾ ਪੱਤਰ ਵੰਡੇ ਗਏ। ਜਦੋਂਕਿ ਬਿਨਾਂ ਕਿਸੇ ਸੱਦੇ ਦੇ ਰਾਜਸਥਾਨ ਅਤੇ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਸੈਂਕੜੇ ਸ਼ਿਆਮ ਪ੍ਰੇਮੀ ਪੁੱਜੇ ਹੋਏ ਸਨ। ਅੰਦਾਜ਼ੇ ਅਨੁਸਾਰ ਇਸ ਵਿਸ਼ਾਲ ਜਾਗਰਣ ਵਿੱਚ 20,000 ਤੋਂ ਵੱਧ ਸ਼ਿਆਮ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਭੀੜ ਇੰਨੀ ਜ਼ਿਆਦਾ ਸੀ ਕਿ ਪੱਤਰਕਾਰਾਂ ਨੂੰ ਵੀ ਕਵਰੇਜ ਵਾਲੀ ਥਾਂ 'ਤੇ ਪਹੁੰਚਣ 'ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਜਾਗਰਣ ਵਿੱਚ ਸ਼ਾਮਲ ਨਾ ਹੋਣ ਦੇ ਕਾਰਨਾਂ ਦਾ ਅਧਿਕਾਰਤ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਹੈ। ਪਰ ਭਾਜਪਾ ਸੂਤਰਾਂ ਦਾ ਮੰਨਣਾ ਹੈ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਜਾਗਰਣ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਉਹ ਸੂਬਾ ਕਾਰਜਕਾਰਨੀ ਟੀਮ ਬਣਾਉਣ ਵਿੱਚ ਰੁੱਝੇ ਹੋਏ ਸਨ। ਕਿਉਂਕਿ ਜਾਗਰਣ ਦੇ ਅਗਲੇ ਦਿਨ ਐਤਵਾਰ ਨੂੰ ਭਾਜਪਾ ਦੀ ਸੂਬਾ ਕਾਰਜਕਾਰਨੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕੋਟਕਪੂਰਾ ਵਿੱਚ ਕਈ ਟਕਸਾਲੀ ਅਤੇ ਸੀਨੀਅਰ ਭਾਜਪਾ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਕੋਟਕਪੂਰਾ ਨੂੰ ਇਸ ਟੀਮ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਟੀਮ 'ਤੇ ਕਾਂਗਰਸ ਦਾ ਪ੍ਰਭਾਵ ਸਾਫ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਸੱਦਾ ਪੱਤਰ 'ਤੇ ਮੁੱਖ ਮਹਿਮਾਨ ਵਜੋਂ ਨਾਂ ਹੋਣ ਦੇ ਬਾਵਜੂਦ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਜਾਗਰਣ ਦੌਰਾਨ ਨਾ ਪਹੁੰਚਣ ਦੇ ਕਾਰਨ ਕੋਟਕਪੂਰਾ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।