ਖੇਤੀ ਵਿਭਿੰਨਤਾ ਲਈ ਅਮਨਪ੍ਰੀਤ ਸਿੰਘ ਬਰਾੜ ਨੂੰ ਮੁੱਖ ਮੰਤਰੀ ਪੰਜਾਬ ਨੇ ਕੀਤਾ ਸਨਮਾਨਿਤ
ਫ਼ਰੀਦਕੋਟ, 18 ਸਤੰਬਰ 2023 (ਪਰਵਿੰਦਰ ਸਿੰਘ ਕੰਧਾਰੀ )-ਫ਼ਰੀਦਕੋਟ ਦੇ ਨਿਊ ਹਰਿੰਦਰਾ ਨਗਰ ਦੇ ਨਿਵਾਸੀ, ਗੁਰੁਦਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਦੇ ਪ੍ਰਧਾਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਅਮਨਪ੍ਰੀਤ ਸਿੰਘ ਹੈਪੀ ਸਪੁੱਤਰ ਸ.ਮਹਿੰਦਰ ਸਿੰਘ ਬਰਾੜ, ਪਿੰਡ ਹਰੀਏਵਾਲਾ, ਜ਼ਿਲਾ ਮੋਗਾ, ਜਿਨ੍ਹਾਂ ਨੇ ਕਿਨੂੰ ਦੀ ਕਾਸ਼ਤ ਸਾਲ 2001 ਤੋਂ ਚਾਰ ਏਕੜ ’ਚ ਸ਼ੁਰੂ ਕੀਤੀ ਸੀ। ਮੋਗੇ ਜ਼ਿਲੇ ਦਾ ਇਹ ਬਲਾਕ ਪਾਣੀ ਡੂੰਘੇ ਹੋਣ ਕਰਕੇ ਗੰਭੀਰ ਬਲਾਕਾਂ ਦੀ ਸ਼੍ਰੇਣੀ ’ਚ ਆਉਂਦਾ ਸੀ। ਇਸ ਲਈ ਹਲਾਤਾਂ ਦੇ ਉਲਟ ਜਾਂਦਿਆਂ ਅਮਨਪ੍ਰੀਤ ਸਿੰਘ ਬਰਾੜ ਨੇ ਕਿਨੂੰ ਦੀ ਖੇਤੀ ਸ਼ੁਰੂ ਕੀਤੀ। ਇਸ ਲਈ ਉਨ੍ਹਾਂ ਤੁਪਕਾ ਸਿੰਚਾਈ, ਸੋਲਰ ਪੰਪ ਅਤੇ ਸਿੰਚਾਈ ਲਈ ਪਾਣੀ ਦਾ ਟੈਂਕ ਬਣਵਾਇਆ। ਉਨ੍ਹਾਂ ਇਸ ਦੇ ਨਾਲ ਹੀ ਆਪਣੀ ਉਪਜ ਨੂੰ ਪੰਜਾਬ ਤੋਂ ਬਾਹਰਲੀਆਂ ਵੱਡੀਆਂ ਮੰਡੀਆਂ ਤੋਂ ਇਲਾਵਾ ਕਿਸਾਨ ਮੰਡੀ ’ਚ ਖੁਦ ਮੰਡੀਕਰਨ ਕੀਤਾ। ਸਾਲ 2017 ’ਚ ਰਾਜਸਥਾਨ ਦੇ ਹਨੂੰਮਾਨਗੜ ਜ਼ਿਲੇ ’ਚ 50 ਏਕੜ ਤੋਂ ਵੱਧ ਜ਼ਮੀਨ ਉੱਪਰ ਤੁਪਕਾ ਸਿੰਚਾਈ, ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਪਾਣੀ ਭੰਡਾਰਨ ਟੈਂਕ ਦੀਆਂ ਮੋਟਰਾਂ ਦੀ ਵਰਤੋਂ ਆੰਰਭ ਕੀਤੀ। ਇਨ੍ਹਾਂ ਇਸ ਵਰ੍ਹੇ ਪੀ.ਏ.ਯੂ.ਕਿਨੂੰ ਨੰਬਰ-1 ਦਾ ਬਾਗ ਲਗਾਇਆ ਤੇ ਆਪਣੀ ਖੇਤੀ ਨੂੰ ਵਿਭਿੰਨਤਾ ਭਰਪੂਰ ਬਣਾਇਆ ਹੈ। ਉਨ੍ਹਾਂ ਨੇ ਆਪਣੇ ਬਾਗ ਲਈ ਆਟੋਮੈਟਿਕ ਸਪਰੇਅ ਪੰਪ ਅਤੇ ਕਿਨੂੰ ਗਰੇਡਰ ਵੀ ਵਿਕਸਿਤ ਕੀਤੇ ਹਨ। ਇਸ ਅਗਾਂਹਵਧੂ ਕਿਸਾਨ ਵੱਲੋਂ ਝੋਨੇ ਦੀ ਕਾਸ਼ਤ ਬਿਲਕੁਲ ਨਹੀਂ ਕੀਤੀ ਜਾਂਦੀ ਅਤੇ ਖੇਤੀ ਵਿਭਨਿੰਤਾ ਨੂੰ ਉਤਸ਼ਾਹਿਤ ਕਰਨ ਲਈ ਨਰਮੇ ਅਤੇ ਸਬਜ਼ੀਆਂ ’ਚ ਅੰਤਰ ਫ਼ਸਲਾਂ ਉਗਾਈਆਂ ਜਾਂਦੀਆਂ ਹਨ। ਅਮਨਪ੍ਰੀਤ ਸਿੰਘ ਬਰਾੜ ਨੂੰ ਪੀ.ਏ.ਯੂ.ਲੁਧਿਆਣਾ ਵੱਲੋਂ ਸਾਲ 2016-17 ’ਚ ਪ੍ਰਤੀ ਏਕੜ ਸਭ ਤੋਂ ਵੱਧ ਆਮਦਨ ਲੈਣ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਵਾਰ ਪੰਜਾਬ ਅਮਨਪ੍ਰੀਤ ਸਿੰਘ ਬਰਾੜ ਨੂੰ ਖੇਤੀ ਵਿਭਿੰਨਤਾ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦੋ ਰੋਜ਼ਾ ਕਿਸਾਨ ਮੇਲੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਗੁਰਮੀਤ ਸਿੰਘ ਬੁੱਟਰ ਨਿਰਦੇਸ਼ਕ ਪਸਾਰ ਸਿੱਖਿਆ, ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਹਾਜ਼ਰ ਸਨ। ਅਮਨਪ੍ਰੀਤ ਸਿੰਘ ਬਰਾੜ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਮਿਲਣ ਤੇ ਫ਼ਰੀਦਕੋਟ ਅਤੇ ਉਨ੍ਹਾਂ ਦੇ ਜੱਦੀ ਜ਼ਿਲੇ ਮੋਗਾ ਦੀਆਂ ਬਹੁਤ ਸਾਰੀਆਂ ਹਸਤੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।